ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਵਾਲੇ ਸਿਹਤ ਕਾਮਿਆਂ ਨੂੰ ਸਲਾਮ ਕਰਨਾ ਸਾਰਿਆਂ ਦਾ ਫਰਜ਼
ਤਰਨ ਤਾਰਨ, 13 ਮਈ 2021
ਕੌਮਾਂਤਰੀ ਨਰਸ ਦਿਵਸ ਵਿਸ਼ਵ ਪੱਧਰ ‘ਤੇ ਨਰਸਿੰਗ ਸਟਾਫ ਵੱਲੋਂ ਸਮਾਜ ਨੂੰ ਤੰਦਰੁਸਤ ਰੱਖਣ ਵਿੱਚ ਨਿਭਾਈ ਜਾ ਰਹੀ ਮਹੱਤਵਪੂਰਣ ਭੂਮਿਕਾ ਬਾਰੇ ਯਾਦ ਦਿਵਾਉਂਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਕੋਵਿਡ-19 ਖ਼ਿਲਾਫ ਜੰਗ ਵਿੱਚ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਹੇ ਹਨ ।
ਉਹਨਾਂ ਕਿਹਾ ਕਿ ਉੱਚ ਪੱਧਰੀ ਇਲਾਜ ਅਤੇ ਦੇਖਭਾਲ ਕਰਨਾ ਬੱਚਿਆਂ ਦੀ ਸਿਹਤ, ਸੰਚਾਰੀ ਅਤੇ ਗੈਰ ਸੰਚਾਰੀ ਰੋਗਾਂ, ਐਮਰਜੈਂਸੀ ਦੀ ਤਿਆਰੀ ਅਤੇ ਪ੍ਰਤੀਕਿਰਿਆ ਆਦਿ ਵਿੱਚ ਨਰਸਿੰਗ ਸਟਾਫ਼ ਨੂੰ ਸਮਰਪਿਤ ਨੂੰ ਦੇਖਦਿਆ ਵਿਸ਼ਵ ਸਿਹਤ ਸੰਸਥਾ ਵੱਲੋਂ ਇਹ ਖਾਸ ਦਿਨ ਨਰਸਿੰਗ ਸਟਾਫ ਨੂੰ ਸਮਰਪਿਤ ਕੀਤਾ ਹੈ । ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਕੋਈ ਬਿਮਾਰ ਵਿਆਕਤੀ ਹਸਪਤਾਲ ਵਿੱਚ ਦਾਖ਼ਲ ਹੋ ਕਿ ਇਲਾਜ਼ ਕਰਵਾਉਂਦਾ ਹੈ ਤਾਂ ਉਸ ਦੀ ਦੇਖ-ਰੇਖ ਨਰਸਿੰਗ ਸਟਾਫ ਵੱਲੋਂ ਕੀਤੀ ਜਾਂਦੀ ਹੈ । ਡਾਕਟਰ ਵੱਲੋਂ ਪ੍ਰਸਤਾਵਿਤ ਦਵਾਈਆਂ ਆਦਿ ਦੇਣ ਦੀ ਜਿੰਮੇਵਾਰੀ ਮੂਲ ਰੂਪ ਵਿੱਚ ਨਰਸਿੰਗ ਸਟਾਫ਼ ਦੀ ਹੁੰਦੀ ਹੈ ।
ਉਹਨਾਂ ਕਿਹਾ ਕਿ ਅੱਜ ਜਦੋਂ ਪੂਰਾ ਵਿਸ਼ਵ ਕੋਵਿਡ-19 ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਤਾਂ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਵਾਲੇ ਸਿਹਤ ਕਾਮਿਆਂ ਨੂੰ ਸਲਾਮ ਕਰਨਾ ਸਾਰਿਆਂ ਦਾ ਫਰਜ਼ ਹੈ । ਭਾਵੇ ਕਿ ਹਰ ਵਰ੍ਹੇ 12 ਮਈ ਨੂੰ ਨਰਸ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਇਸ ਕੌਮਾਤਰੀ ਸਿਹਤ ਆਪਦਾ ਮੌਕੇ ਇਸ ਦਿਹਾੜੇ ਦੀ ਮਹੱਤਤਾ ਹੋਰ ਵਧੇਰੇ ਹੋ ਜਾਂਦੀ ਹੈ । ਜਿਸ ਲਈ ਸਾਨੂੰ ਜਿੱਥੇ ਸਿਹਤ ਵਿਭਾਗ ਦੀ ਸਹੂਲਤਾਂ ਦਾ ਫਾਇਦਾ ਲੈਣਾ ਚਾਹੀਦਾ ਹੈ, ਉੱਥੇ ਨਾਲ ਹੀ ਮਿਲੀਆਂ ਹਦਾਇਤਾ ਦੀ ਵੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ ।