ਜਲਾਲਾਬਾਦ ਹਲਕੇ ਵਿਚ ਫਸਲਾਂ ਦੇ ਮੰਡੀਕਰਨ ਢਾਂਚੇ ਲਈ 8.5 ਕਰੋੜ ਰੁਪਏ ਦੇ ਪ੍ਰੋਜ਼ੈਕਟ ਪਾਸ—ਜਗਦੀਪ ਕੰਬੋਜ਼ ਗੋਲਡੀ

— 4 ਕਰੋੜ ਨਾਲ ਬਣੇਗੀ ਅਤੀ ਆਧੁਨਿਕ ਰੇਹੜੀ—ਫੜੀ ਮਾਰਕਿਟ
— ਪੇਂਡੂ ਖਰੀਦ ਕੇਂਦਰਾਂ ਦਾ ਵੀ ਹੋਵੇਗਾ ਕਾਇਆ ਕਲਪ

ਜਲਾਲਾਬਾਦ, ਫਾਜਿ਼ਲਕਾ, 31 ਮਾਰਚ :-  
ਸੂਬੇ ਦੇ ਕਿਸਾਨਾਂ ਅਤੇ ਕਮਜੋਰ ਵਰਗਾਂ ਲਈ ਸਮਰਪਿਤ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ ਦੇ ਆਖਰੀ ਦਿਨ ਜਲਾਲਾਬਾਦ ਹਲਕੇ ਵਿਚ ਮੰਡੀਕਰਨ ਢਾਂਚੇ ਦੇ ਵਿਕਾਸ ਲਈ 8.5 ਕਰੋੜ ਰੁਪਏ ਦੇ ਪ੍ਰੋਜ਼ੈਕਟ ਪ੍ਰਵਾਨ ਕੀਤੇ ਹਨ। ਇਹ ਹਲਕਾ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਜਲਾਲਾਬਾਦ ਦੀ ਮੁੱਖ ਮੰਡੀ ਤੋਂ ਬਿਨ੍ਹਾਂ ਪਿੰਡਾਂ ਦੇ ਖਰੀਦ ਕੇਂਦਰਾਂ ਦੇ ਵੀ ਕਾਇਆ ਕਲਪ ਦਾ ਰਾਹ ਪੱਧਰਾ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਇੰਨ੍ਹਾਂ ਪ੍ਰੋਜ਼ੈਕਟਾਂ ਲਈ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ 4 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਮਾਰਕਿਟ ਕਮੇਟੀ ਦੇ ਦਫ਼ਤਰ ਦੇ ਪਿੱਛੇ ਇਕ ਅਤਿ ਆਧੂਨਿਕ ਰੇਹੜੀ ਫੜੀ ਮਾਰਕਿਟ ਸਥਾਪਿਤ ਕੀਤੀ ਜਾਵੇਗੀ, ਇਸ ਨਾਲ ਬਾਜਾਰਾਂ ਵਿਚ ਭੀੜਭਾੜ ਤੋਂ ਵੀ ਮੁਕਤੀ ਮਿਲੇਗੀ ਉਥੇ ਹੀ ਰੇਹੜੀ ਫੜੀ ਵਾਲਿਆਂ ਦੀ ਵੀ ਆਰਥਿਕ ਤਰੱਕੀ ਹੋਵੇਗੀ।ਇੱਥੇ  ਇਸਤੋਂ ਬਿਨ੍ਹਾਂ ਪੁਰਾਣੀ ਫੜੀ ਮਾਰਕਿਟ ਵਿਚ ਫਰਸ ਅਤੇ ਸੈਡ ਆਦਿ ਤੇ 90.21 ਲੱਖ ਰੁਪਏ ਖਰਚ ਕਰਕੇ ਇਸਦਾ ਵੀ ਨਵੀਨੀਕਰਨ ਕੀਤਾ ਜਾਵੇਗਾ।
ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਦੱਸਿਆ ਕਿ ਮਾਰਕਿਟ ਕਮੇਟੀ ਦੀ ਸਬਜੀ ਮੰਡੀ ਯਾਰਡ ਦਾ 17.95 ਲੱਖ ਰੁਪਏ ਨਾਲ ਨਵੀਨੀਕਰਨ ਕੀਤਾ ਜਾਵੇਗਾ। ਇੱਥੇ ਪੀਣ ਦੇ ਪਾਣੀ ਦੇ ਪ੍ਰਬੰਧ ਲਈ 23.83 ਲੱਖ ਰੁਪਏ ਖਰਚ ਕੀਤੇ ਜਾਣਗੇ।
ਮਾਰਕਿਟ ਕਮੇਟੀ ਦੇ ਊਰਜਾ ਖਰਚੇ ਘੱਟ ਕਰਨ ਅਤੇ ਹਰੀ ਊਰਜਾ ਨੂੰ ਉਤਸਾਹਿਤ ਕਰਨ ਲਈ ਹੁਣ ਮਾਰਕਿਟ ਕਮੇਟੀ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ 68 ਲੱਖ ਰੁਪਏ ਦੀ ਲਾਗਤ ਨਾਲ 87 ਕਿਲੋਵਾਟ ਦਾ ਸੋਲਰ ਪਲਾਂਟ ਦਾਣਾ ਮੰਡੀ ਦੇ ਸੈਡਾਂ ਤੇ ਲਗਾਇਆ ਜਾਵੇਗਾ। ਇਸੇ ਤਰਾਂ ਮਾਰਕਿਟ ਕਮੇਟੀ ਦੀ ਚਾਰਦਿਵਾਰੀ ਆਦਿ ਦੀ ਮੁਰਮੰਤ ਤੇ 5 ਲੱਖ ਰੁਪਏ ਖਰਚ ਕੀਤੇ ਜਾਣੇ ਹਨ।
ਵਿਧਾਇਕ ਨੇ ਦੱਸਿਆ ਕਿ ਜਲਾਲਾਬਾਦ ਦੀ ਮੁੱਖ ਮੰਡੀ ਤੋਂ ਬਿਨ੍ਹਾਂ ਪੇਂਡੂ ਮੰਡੀਆਂ ਵਿਚ ਵੀ ਕਿਸਾਨਾਂ ਦੀਆਂ ਸਹੁਲਤਾਂ ਲਈ ਲੱਧੂਵਾਲਾ ਉਤਾੜ, ਘੁਬਾਇਆ ਅਤੇ ਚੱਕ ਜਾਨੀਸਰ ਵਿਚ 100 ਗੁਣਾ 50 ਫੁੱਟ ਦੇ ਲੋਹੇ ਦੇ ਸੈਡ ਬਣਾਏ ਜਾਣਗੇ ਜਿੰਨ੍ਹਾਂ ਤੇ 78 ਲੱਖ ਰੁਪਏ ਦਾ ਖਰਚ ਆਵੇਗਾ। ਇਸ ਤੋਂ ਬਿਨ੍ਹਾਂ ਚੱਗ ਸੁਹੇਲਾ ਵਾਲਾ ਦੀ ਮੰਡੀ ਵਿਚ 52.80 ਲੱਖ ਰੁਪਏ ਦੀ ਲਾਗਤ ਨਾਲ ਫੜ ਪੱਕਾ ਕੀਤਾ ਜਾਵੇਗਾ ਅਤੇ ਛੋਟਾ ਸੈਡ ਬਣਾਇਆ ਜਾਵੇਗਾ। ਪ੍ਰਭਾਤ ਸਿੰਘ ਵਾਲਾ ਵਿਚ 39.25 ਲੱਖ ਨਾਲ ਸੈਡ, ਘੁਬਾਇਆ ਮੰਡੀ ਵਿਚ 30 ਲੱਖ ਨਾਲ ਫੜ ਪੱਕਾ ਕਰਨ ਦਾ ਕੰਮ ਵੀ ਹੋਵੇਗਾ। ਲਧੂਵਾਲਾ ਉਤਾੜ ਵਿਚ 13.62 ਲੱਖ ਨਾਲ ਫੜ ਪੱਕਾ ਕੀਤਾ ਜਾਵੇਗਾ ਅਤੇ ਚੱਕ ਖੇੜੇ ਵਾਲਾ ਵਿਚ 6.35 ਲੱਖ ਨਾਲ ਸੈਡ ਵੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹਲਕੇ ਦੇ ਕਿਸਾਨਾਂ ਨੂੰ ਰਾਹਤ ਹੋਵੇਗਾ ਅਤੇ ਮੰਡੀਕਰਨ ਸਹੁਲਤਾਂ ਵਿਚ ਵਾਧਾ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਸ ਵਿਚ 4.41 ਕਰੋੜ ਰੁਪਏ ਮੰਡੀ ਬੋਰਡ ਤੋਂ ਪ੍ਰਾਪਤ ਹੋਏ ਹਨ ਅਤੇ ਪਹਿਲੀ ਵਾਰ ਹੋਇਆ ਹੈ ਕਿ ਜਲਾਲਾਬਾਦ ਨੂੰ ਮੰਡੀਬੋਰਡ ਤੋਂ ਵਿੱਤੀ ਸਹਾਇਤਾ  ਪ੍ਰਾਪਤ ਹੋਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਕੁੰਸ ਮੁਟਨੇਜਾ ਟਰੱਕ ਯੁਨੀਅਨ ਪ੍ਰਧਾਨ, ਜਰਨੈਲ ਸਿੰਘ ਮੁਖੀਜਾ ਸੀਨੀਅਰ ਆਪ ਆਗੂ, ਸ੍ਰੀ ਟੋਨੀ ਛਾਬੜਾ, ਆੜਤੀਆ ਯੁਨੀਅਨ ਤੋਂ ਸ੍ਰੀ ਸ਼ਾਮ ਸੁੰਦਰ ਮੈਣੀ, ਸ੍ਰੀ ਦੇਵ ਰਾਜ ਸ਼ਰਮਾ, ਪਵਨ ਕਾਮਰੇਡ, ਨਿਰਮਲਜੀਤ ਸਿੰਘ ਅਤੇ ਪਿੰਟਾ ਚੁੱਘ ਵੀ ਹਾਜਰ ਸਨ।