ਗੁਰਬਖਸ਼ ਨਗਰ ਵਿੱਚ ਸੜਕ ਦਾ ਕੀਤਾ ਉਦਘਾਟਨ
ਅੰਮਿ੍ਤਸਰ, 29 ਜੂਨ 2021 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੀਆਂ 8198 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ 1122 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਮੰਡੀ ਬੋਰਡ ਨੂੰ ਇਹ 31 ਮਾਰਚ 2022 ਤੱਕ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਓ ਪੀ ਸੋੋਨੀ ਨੇ ਅੱਜ ਵਾਰਡ ਨੰਬਰ 57 ਅਧੀਨ ਪੈਂਦੇ ਇਲਾਕੇ ਗੁਰਬਖਸ਼ ਨਗਰ ਦੇ ਇਲਾਕੇ ਦੀਆਂ ਲੁੱਕ ਨਾਲ ਬਣਨ ਵਾਲੀਆਂ ਸਾਰੀਆਂ ਸੜਕਾਂ ਦਾ ਉਦਘਾਟਨ ਕਰਦੇ ਕੀਤਾ।ਇਸ ਮੌਕੇ ਕੌਂਸਲਰ ਵਿਕਾਸ ਸੋਨੀ,ਸਰਬਜੀਤ ਸਿੰਘ ਲਾਟੀ,ਦਰਸ਼ਨ ਲਾਲ,ਰਵੀ ਕਾਂਤ,ਜੀਨੂ ਅਰੋੜਾ,ਗੁਰਨਾਮ ਸਿੰਘ ਗਾਮਾ,ਰਾਕੇਸ਼ ਸਹਿਦੇਵ,ਵਿਨਾਇਕ ਗੋਲਡ ਸਮੇਤ ਹੋਰ ਲੋਕ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸ਼ਹਿਰ ਵਿੱਚ ਸੜਕਾਂ ਦਾ ਨਿਰਮਾਣ ਜੋਰਾਂ ਉਤੇ ਹੈ, ਉਸੇ ਤਰ੍ਹਾਂ ਮੁੱਖ ਮੰਤਰੀ ਨੇ ਲਿੰਕ ਰੋਡ ਮੁਰੰਮਤ ਪ੍ਰੋਗਰਾਮ 2021-22 (ਚੌਥਾ ਪੜਾਅ) ਦੇ ਹਿੱਸੇ ਵਜੋਂ ਇਸ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ ਜਿਸਦਾ ਉਦੇਸ਼ ਸੂਬੇ ਦੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦੇਣਾ ਹੈ।
ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਮਾਰਚ, 2017 ਵਿਚ ਸੱਤਾ ਸੰਭਾਲਣ ਤੋਂ ਬਾਅਦ ਮੰਡੀ ਬੋਰਡ ਨੂੰ ਸੂਬੇ ਭਰ ਦੇ 12,581 ਪਿੰਡਾਂ ਵਿਚ ਲਿੰਕ ਸੜਕਾਂ ਦੀ ਮੁਰੰਮਤ ਕਰਵਾਉਣ ਲਈ ਮਨਜ਼ੂਰੀ ਦਿੱਤੀ ਸੀ ਤਾਂ ਜੋ ਕਿਸਾਨਾਂ ਨੂੰ 1872 ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਲਈ ਬਿਹਤਰ ਆਵਾਜਾਈ ਦੀ ਸਹੂਲਤ ਦਿੱਤੀ ਜਾ ਸਕੇ। ਸੂਬੇ ਦੀ ਨੀਤੀ ਦੇ ਅਨੁਸਾਰ ਹਰ 6 ਸਾਲ ਬਾਅਦ ਲਿੰਕ ਸੜਕਾਂ ਮੁਰੰਮਤ ਲਈ ਯੋਗ ਹੋ ਜਾਂਦੀਆਂ ਹਨ। ਸ੍ਰੀ ਸੋਨੀ ਨੇ ਕੰਮ ਦੀ ਗੁਣਵੱਤਾ ਨੂੰ ਵੀ ਯਕੀਨੀ ਬਨਾਉਣ ਦੀ ਹਦਾਇਤ ਕੀਤੀ।
ਗੁਰਬਖਸ਼ ਨਗਰ ਵਿੱਚ ਸੜਕ ਦਾ ਉਦਘਾਟਨ ਕਰਦੇ ਸ੍ਰੀ ਓ ਪੀ ਸੋਨੀ।