23 ਹਾਈ-ਟੈੱਕ ਮੋਟਰ ਸਾਈਕਲ ਅਤੇ 8 ਆਰ. ਆਰ. ਪੀ. ਆਰ ਗੱਡੀਆਂ ਕੀਤੀਆਂ ਤਾਇਨਾਤ
ਜ਼ਿਲਾ ਸੁਰੱਖਿਆ ਪ੍ਰਾਜੈਕਟ ਲਈ ਨਵਾਂ ਪੁਲਿਸ ਹੈਲਪ ਲਾਈਨ ਨੰਬਰ 95646-95646 ਹੋਇਆ ਜਾਰੀ
ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਨੇ ਝੰਡੀ ਦੇ ਕੇ ਕੀਤੇ ਰਵਾਨਾ
ਨਵਾਂਸ਼ਹਿਰ, 4 ਸਤੰਬਰ 2021 ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਪ੍ਰਭਾਵਸ਼ਾਲੀ ਪੁਲਿਸਿੰਗ ਅਤੇ ਸੁਰੱਖਿਆ ਵਿਵਸਥਾ ਯਕੀਨੀ ਬਣਾਉਣ ਲਈ ਜ਼ਿਲਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਵੱਲੋਂ ਤਿਆਰ ਕੀਤੇ ਗਏ ‘ਜ਼ਿਲਾ ਸੁਰੱਖਿਆ ਪ੍ਰਾਜੈਕਟ’ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜ਼ਿਲਾ ਪੁਲਿਸ ਕੰਪਲੈਕਸ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਹਲਕਾ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨਾਂ ਨੇ ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਦੇ ਨਾਲ ਇਸ ਪ੍ਰਾਜੈਕਟ ਦਾ ਹਰੀ ਝੰਡੀ ਦੇ ਕੇ ਰਸਮੀ ਤੌਰ ’ਤੇ ਆਗਾਜ਼ ਕੀਤਾ। ਇਸ ਮੌਕੇ ਇਸ ਪ੍ਰਾਜੈਕਟ ਲਈ ਇਕ ਵੱਖਰਾ ਨਵਾਂ ਪੁਲਿਸ ਹੈਲਪ ਲਾਈਨ ਨੰਬਰ 95646-95646 ਜਾਰੀ ਕੀਤਾ ਗਿਆ, ਜਿਸ ’ਤੇ ਲੋਕ ਹੰਗਾਮੀ ਹਾਲਾਤ ਵਿਚ ਫੋਨ ਕਰ ਸਕਣਗੇ। ਇਸ ਪ੍ਰਾਜੈਕਟ ਤਹਿਤ ਸਮੁੱਚੇ ਜ਼ਿਲੇ ਨੂੰ 18 ਬੀਟਾਂ ਵਿਚ ਵੰਡ ਕੇ ਇਨਾਂ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ 23 ਮੋਟਰ ਸਾਈਕਲ ਅਤੇ 8 ਆਰ. ਆਰ. ਪੀ. ਆਰ. ਐਸ ਗੱਡੀਆਂ (ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ) ਜ਼ਿਲੇ ਦੇ ਕੋਨੇ-ਕੋਨੇ ਦੀ ਸੁਰੱਖਿਆ ਲਈ ਲਗਾਈਆਂ ਗਈਆਂ ਹਨ। ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਨੇ ਇਸ ਮੌਕੇ ਦੱਸਿਆ ਕਿ ਸ਼ਹਿਰੀ ਖੇਤਰਾਂ (ਸਿਟੀ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ) ਲਈ ਪੀ. ਸੀ. ਆਰ ਅਧੀਨ ਅਤਿ-ਆਧੁਨਿਕ ਹਥਿਆਰਾਂ ਅਤੇ ਯੰਤਰਾਂ ਨਾਲ ਲੈਸ 23 ਮੋਟਰ ਸਾਈਕਲਾਂ ਅਤੇ ਸਕੂਟੀਆਂ ਦਾ ਦਸਤਾ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਵਿਚ 18 ਮੋਟਰ ਸਾਈਕਲ ਦਿਨ-ਰਾਤ 24 ਘੰਟੇ ਪੈਟਰੋਲਿੰਗ ਕਰਨਗੇ, ਜਿਨਾਂ ’ਤੇ ਹਰ ਸਮੇਂ 2 ਜਵਾਨ ਤਾਇਨਾਤ ਰਹਿਣਗੇ। ਉਨਾਂ ਨੂੰ ਹਾਲਾਤ ਮੁਤਾਬਿਕ ਹਥਿਆਰਾਂ, ਆਧੁਨਿਕ ਸਾਜ਼ੋ-ਸਾਮਾਨ, ਵਾਕੀ-ਟਾਕੀ, ਬੀਟ ਬੁੱਕ ਨਾਲ ਲੈਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਨਵਾਂਸ਼ਹਿਰ ਨੂੰ 10 ਬੀਟਾਂ ਵਿਚ ਵੰਡਿਆ ਗਿਆ ਹੈ, ਜਦਕਿ ਬਲਾਚੌਰ ਅਤੇ ਬੰਗਾ ਨੂੰ 4-4 ਬੀਟਾਂ ਵਿਚ ਵੰਡਿਆ ਗਿਆ ਹੈ। ਹਰਕੇ ਬੀਟ ਦੀ ਨਿਰਗਾਨੀ ਇਕ ਮੋਟਰ ਸਾਈਕਲ ਦਸਤਾ ਕਰੇਗਾ ਅਤੇ ਉਹ ਡਰੱਗ ਪੈਡਲਰ, ਸਨੈਚਰਜ਼ ਅਤੇ ਈਵਟੀਜਰਸ ’ਤੇ ਨਿਰਗਾਨੀ ਰੱਖਣਗੇ। ਇਸ ਤੋਂ ਇਲਾਵਾ 2 ਐਕਟਿਵਾ ਨਵਾਂਸ਼ਹਿਰ ਅਤੇ ਇਕ-ਇਕ ਐਕਟਿਵਾ ਬੰਗਾ ਤੇ ਬਲਾਚੌਰ ਲਈ ਲਗਾਈਆਂ ਗਈਆਂ ਹਨ, ਜਿਨਾਂ ’ਤੇ 2-2 ਲੇਡੀ ਕਾਂਸਟੇਬਲ ਤਾਇਨਾਤ ਹੋਣਗੀਆਂ ਅਤੇ ਨਿਗਰਾਨੀ ਰੱਖਣਗੀਆਂ। ਉਨਾਂ ਦੱਸਿਆ ਕਿ ਇਸੇ ਤਰਾਂ ਦਿਹਾਤੀ ਏਰੀਆ ਲਈ ਆਰ. ਆਰ. ਪੀ. ਆਰ. ਐਸ (ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ) ਤਹਿਤ 8 ਗੱਡੀਆਂ ਲਗਾਈਆਂ ਗਈਆਂ ਹਨ, ਜਿਨਾਂ ’ਤੇ ਤਿੰਨ-ਤਿੰਨ ਜਵਾਨ ਤਾਇਨਾਤ ਹੋਣਗੇ ਤੇ ਦਿਨ-ਰਾਤ ਸ਼ਿਫਟ ਵਿਚ ਗਸ਼ਤ ਕਰਨਗੇ। ਉਨਾਂ ਦੱਸਿਆ ਕਿ ਇਹ ਗੱਡੀਆਂ ਥਾਣਾ ਬਹਿਰਾਮ ਤਹਿਤ ਮੇਹਲੀ ਤੋਂ ਬੰਗਾ ਸਿਟੀ ਤੱਕ ਹਾਈਵੇਅ ’ਤੇ, ਥਾਣਾ ਸਦਰ ਬੰਗਾ ਤਹਿਤ ਸਿਟੀ ਬੰਗਾ ਤੋਂ ਮਹਾਲੋਂ ਬਾਈਪਾਸ ਤੱਕ, ਥਾਣਾ ਸਦਰ ਨਵਾਂਸ਼ਹਿਰ ਤਹਿਤ ਬਾਈਪਾਸ ਲੰਗੜੋਆ ਤੋਂ ਬਲਾਚੌਰ ਤੱਕ, ਥਾਣਾ ਕਾਠਗੜ ਤਹਿਤ ਬਲਾਚੌਰ ਤੋਂ ਆਸਰੋਂ ਜ਼ਿਲੇ ਦੀ ਹੱਦ ਤੱਕ, ਥਾਣਾ ਸਦਰ ਬਲਾਚੌਰ ਅਧੀਨ ਬਲਾਚੌਰ ਤੋਂ ਬਕਾਪੁਰ ਤੱਕ ਹਾਈਵੇਅ ’ਤੇ, ਥਾਣਾ ਰਾਹੋਂ ਅਧੀਨ ਨਵਾਂਸ਼ਹਿਰ ਤੋਂ ਰਾਹੋਂ ਕੰਨੋਣ ਪੁਲ ਤੱਕ, ਥਾਣਾ ਔੜ ਅਧੀਨ ਨਵਾਂਸ਼ਹਿਰ ਤੋਂ ਕਰਿਆਮ/ਔੜ/ਖੁਰਦਾ ਤੱਕ ਅਤੇ ਥਾਣਾ ਮੁਕੰਦਪੁਰ ਅਧੀਨ ਸਿਟੀ ਬੰਗਾ ਤੋਂ ਮੁਕੰਦਪੁਰ ਰੋਡ ’ਤੇ ਗਸ਼ਤ ਕਰਨਗੀਆਂ। ਇਸ ਤੋਂ ਇਲਾਵਾ ਇਕ ਜਿਪਸੀ ਸਿਟੀ ਨਵਾਂਸ਼ਹਿਰ ਲਈ ਲਗਾਈ ਗਈ ਹੈ। ਉਨਾਂ ਦੱਸਿਆ ਕਿ ਇਹ ਗੱਡੀਆਂ ਦਿਹਾਤੀ ਏਰੀਆ ਵਿਚ ਕਿਸੇ ਵੀ ਹੰਗਾਮੀ ਸਥਿਤੀ ਵੇਲੇ ਤੁਰੰਤ ਕਾਰਵਾਈ ਕਰਨਗੀਆਂ। ਉਨਾਂ ਦੱਸਿਆ ਕਿ ਇਸ ਐਮਰਜੈਂਸੀ ਪਲਾਨ ਨੂੰ ਵਾਇਰਲੈੱਸ ਸਿਸਟਮ ਨਾਲ ਜੋੜਿਆ ਗਿਆ ਹੈ, ਜਿਸ ਨਾਲ ਤੁਰੰਤ ਮੈਸੇਜ ਪਾਸ ਕੀਤੇ ਜਾ ਸਕਣਗੇ। ਇਹ ਵਾਹਨ ਮਾੜੇ ਅਨਸਰਾਂ ’ਤੇ ਨਿਗਰਾਨੀ ਰੱਖਣ ਤੋਂ ਇਲਾਵਾ ਐਕਸੀਡੈਂਟ ਦੀ ਸੂਰਤ ਵਿਚ ਮਦਦ ਕਰਨਗੇ ਅਤੇ ਐਂਬੂਲੈਂਸ ਕਾਲ ਕਰਨਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਇਸ ਪ੍ਰਾਜੈਕਟ ਅਧੀਨ ‘ਰੈੱਡ ਅਲਰਟ ਪਲਾਨ’ ਤਿਆਰ ਕੀਤਾ ਗਿਆ ਹੈ। ਇਸ ਪਲਾਨ ਤਹਿਤ ਲਗਭਗ 60 ਚੈਕਿੰਗ ਗਰੁੱਪ ਤਿਆਰ ਕੀਤੇ ਗਏ ਹਨ ਅਤੇ ਜ਼ਿਲਾ ਸੀਲਿੰਗ ਅਤੇ ਨਾਕਾਬੰਦੀਆਂ ਲਈ ਏ, ਬੀ, ਸੀ ਪੁਆਇੰਟ ਨਿਰਧਾਰਤ ਕੀਤੇ ਗਏ ਹਨ। ਉਨਾਂ ਕਿਹਾ ਕਿ ਹੰਗਾਮੀ ਹਾਲਾਤ ਵਿਚ ਰੈੱਡ ਅਲਰਟ ਹੋਣ ’ਤੇ 60 ਨਾਕਾਬੰਦੀਆਂ ਤੁਰੰਤ ਕੀਤੀਆਂ ਜਾ ਸਕਣਗੀਆਂ, ਜਿਨਾਂ ’ਤੇ ਜ਼ਿਲੇ ਦੇ ਸਾਰੇ ਜੀ. ਓਜ਼, ਐਸ. ਐਚ. ਓਜ਼, ਯੂਨਿਟ ਇੰਚਾਰਜ, ਚੌਕੀ ਇੰਚਾਰਜ, ਪੀ. ਸੀ. ਆਰ ਮੋਟਰ ਸਾਈਕਲ, ਆਰ. ਆਰ. ਆਰ. ਪੀ. ਐਸ ਗੱਡੀਆਂ ਤੁਰੰਤ ਰੁੱਖ ਕਰਨਗੀਆਂ। ਉਨਾਂ ਦੱਸਿਆ ਕਿ ਸਾਰੇ ਸਟੇਟ ਹਾਈਵੇਅ ਅਤੇ ਮੇਨ ਸੜਕਾਂ, ਜਿਥੇ ਜ਼ਿਲੇ ਦੀ ਹੱਦ ਸ਼ੁਰੂ ਹੁੰਦੀ ਹੈ, ਉਸ ’ਤੇ 24 ਘੰਟੇ ਦੇ ਪੱਕੇ ਨਾਕੇ ਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਜ਼ਿਲਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਅਤੇ ਉਨਾਂ ਨੂੰ ਭੈਅ-ਮੁਕਤ ਜੀਵਨ ਨਿਰਬਾਹ ਦਾ ਮੌਕਾ ਪ੍ਰਦਾਨ ਕਰਕੇ ਜਨਤਾ ਅਤੇ ਪੁਲਿਸ ਵਿਚ ਸਦਭਾਵਨਾ ਤੇ ਵਿਸ਼ਵਾਸ ਦਾ ਰਿਸ਼ਤਾ ਕਾਇਮ ਕਰਨਾ ਹੈ।ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਵਾਹਦ, ਲਲਿਤ ਮੋਹਨ ਪਾਠਕ, ਰਮਨਦੀਪ ਸਿੰਘ ਥਿਆੜਾ ਅਤੇ ਹੋਰਨਾਂ ਸ਼ਖਸੀਅਤਾਂ ਤੋਂ ਇਲਾਵਾ ਜ਼ਿਲੇ ਦੇ ਸਮੂਹ ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਕੈਪਸ਼ਨ :-‘ਜ਼ਿਲਾ ਸੁਰੱਖਿਆ ਪ੍ਰਾਜੈਕਟ’ ਦਾ ਆਗਾਜ਼ ਕਰਦੇ ਹੋਏ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ। ਨਾਲ ਹਨ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਤੇ ਹੋਰ।
-ਸਮਾਗਮ ਦੌਰਾਨ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਹੋਰ।