ਐਸਏਐਸ ਨਗਰ, 6 ਸਤੰਬਰ 2021
ਕਿਸਾਨਾਂ ਨੂੰ ਮਿਆਰੀ ਖੇਤੀ ਰਸਾਇਣਾਂ ਅਤੇ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰ੍ਸ਼ਾਸਨ ਨੇ ਬੀਜ ਐਕਟ 1966 ਦੀ ਧਾਰਾ 7 ਅਧੀਨ ਜ਼ਿਲ੍ਹੇ ਦੇ ਦੋ ਬੀਜ ਸਟੋਰਾਂ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ।
ਅੱਜ ਇੱਥੇ ਇੱਕ ਸਮੀਖਿਆ ਮੀਟਿੰਗ ਵਿੱਚ ਇਹ ਪ੍ਰਗਟਾਵਾ ਕਰਦਿਆਂ ਸਹਾਇਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਕੀਟਨਾਸ਼ਕ, ਖਾਦ ਅਤੇ ਬੀਜ ਸਟੋਰਾਂ ਦੀ ਨਿਯਮਤ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਿਆਰੀ ਖੇਤੀ ਰਸਾਇਣਾਂ ਅਤੇ ਬੀਜਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਚੈਕਿੰਗ ਮੁਹਿੰਮ ਦੌਰਾਨ ਮੈਸਰਜ਼ ਥੂਹਾ ਕੀਟਨਾਸ਼ਕ ਤੇ ਬੀਜ ਸਟੋਰ ਜ਼ੀਰਕਪੁਰ ਅਤੇ ਰੋਹਿਤ ਖਾਦ ਕੁਰਾਲੀ ਵਿੱਚ ਬੇਨਿਯਮੀਆਂ ਪਾਈਆਂ ਗਈਆਂ। ਵਿਭਾਗ ਨੇ ਇਨ੍ਹਾਂ ਫਰਮਾਂ ਦੇ ਲਾਇਸੈਂਸ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਇਨ੍ਹਾਂ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਿਆਰੀ ਬੀਜ ਫਸਲਾਂ ਦੀ ਉਤਪਾਦਕਤਾ ਵਧਾਉਣ ਵਿੱਚ ਸਹਾਈ ਹੋਣ ਦੀ ਗੱਲ ਆਖਦਿਆਂ ਸ੍ਰੀਮਤੀ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਨਕਲੀ ਖੇਤੀ ਰਸਾਇਣ ਜਾਂ ਬੀਜ ਨੂੰ ਵੇਚਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਇਸ ਮੌਕੇ ਸਹਾਇਕ ਡਿਪਟੀ ਕਮਿਸ਼ਨਰ (ਡੀ) ਡਾ. ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਐਸਡੀਐਮ ਖਰੜ ਆਕਾਸ਼ ਬਾਂਸਲ, ਐਸਡੀਐਮ ਮੁਹਾਲੀ ਹਰਬੰਸ ਸਿੰਘ, ਐਸਡੀਐਮ ਡੇਰਾਬਸੀ ਕੁਲਦੀਪ ਬਾਵਾ ਅਤੇ ਮੁੱਖ ਖੇਤੀਬਾੜੀ ਅਫਸਰ ਰਾਜੇਸ਼ ਕੁਮਾਰ ਰਹੇਜਾ ਹਾਜ਼ਰ ਸਨ।