ਹਰ ਸਾਲ ਰਜਿਸਟਰਡ ਉਸਾਰੀਆਂ ਕਿਰਤੀਆਂ ਨੂੰ ਬੋਰਡ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਅਧੀਨ ਦਿੱਤਾ ਜਾਂਦਾ ਹੈ ਲਾਭ : ਹਰਬੰਸ ਸਿੰਘ

ਉਸਾਰੀ ਮਜ਼ਦੂਰਾਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਰਜਿਸਟਰੇਸ਼ਨ ਕਰਾਉਣ ਦੀ ਅਪੀਲ
ਐਸ.ਏ.ਐਸ. ਨਗਰ, 8 ਸਤੰਬਰ 2021
ਪੰਜਾਬ ਸਰਕਾਰ ਦੇ ਕਿਰਤ ਵਿਭਾਗ ਅਧੀਨ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਬਣੇ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਰਜਿਸਟਰਡ ਉਸਾਰੀ ਕਿਰਤੀਆਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਵੱਖ ਵੱਖ ਸਕੀਮਾਂ ਅਧੀਨ 202 ਲਾਭਪਾਤਰੀਆਂ ਨੂੰ 62 ਲੱਖ 7 ਹਜ਼ਾਰ 602 ਰੁਪਏ ਦਾ ਲਾਭ ਦੇਣ ਲਈ ਅਰਜ਼ੀਆਂ ਪਾਸ ਕੀਤੀਆਂ ਗਈਆਂ ਹਨ। ਇਹ ਰਾਸ਼ੀ ਸਮੂਹ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਵੇਗੀ।
ਐਸ.ਡੀ.ਐਮ. ਹਰਬੰਸ ਸਿੰਘ ਨੇ ਦੱਸਿਆ ਕਿ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ, ਲੜਕੀਆਂ ਲਈ ਸ਼ਾਦੀ ਦੀ ਸ਼ਗਨ ਸਕੀਮ, ਯਾਤਰਾ ਸਹੂਲਤ, ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ ਸਕੀਮ, ਦਾਹ ਸੰਸਕਾਰ ਤੇ ਅੰਤਿਮ ਕਿਰਿਆ ਕਰਮ ਦੇ ਖਰਚੇ ਲਈ ਸੰਸਕਾਰ ਸਕੀਮ, ਬੋਰਡ ਦੇ ਲਾਭਪਾਤਰੀਆਂ ਲਈ ਪੈਨਸ਼ਨ ਸਕੀਮ, ਪ੍ਰਸੂਤਾ ਲਾਭ ਸਕੀਮ, ਔਜ਼ਾਰ ਖਰੀਦਣ ਲਈ ਸਕੀਮ, ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸੰਭਾਲ ਲਈ ਵਿੱਤੀ ਸਹਾਇਤਾ, ਲੜਕੀਆਂ ਦੇ ਜਨਮ ਸਮੇਂ ਬਾਲੜੀ ਤੋਹਫਾ ਸਕੀਮ ਵਜੋਂ ਰਾਸ਼ੀ ਜਮ੍ਹਾਂ ਕਰਾਉਣ ਅਤੇ ਉਸਾਰੀ ਕਿਰਤੀ ਦੀ ਮੌਤ ਹੋਣ ਤੋਂ ਬਾਅਦ ਐਕਸ ਗ੍ਰੇਸ਼ੀਆ ਜਿਹੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੀ ਕਵਰ ਕੀਤਾ ਜਾਂਦਾ ਹੈ।
ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਉਸਾਰੀ ਕਿਰਤੀ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ। ਉਨਾਂ ਦੱਸਿਆ ਕਿ ਇਨਾਂ ਸਕੀਮਾਂ ਦਾ ਲਾਭ ਲੈਣ ਵਾਸਤੇ ਰਜਿਸਟਰੇਵਨ ਕਰਾਉਣ ਲਈ ਜਾਂ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਨਜ਼ਦੀਕੀ ਸੇਵਾ ਕੇਂਦਰ ਜਾਂ ਦਫਤਰ ਲੇਬਰ ਇੰਮਫੋਰਮੈਂਟ ਅਫਸਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Spread the love