ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 7ਵੇਂ ਮੇਗਾ ਰੋਜ਼ਗਾਰ ਮੇਲੇ ਦਾ ਵਰਚੁਐਲ ਆਗਾਜ਼

ਅੰਮ੍ਰਿਤਸਰ ਵਿੱਚ 10, 14, 16 ਅਤੇ 17 ਸਤੰਬਰ ਨੂੰ ਲੱਗਣਗੇ ਰੋਜ਼ਗਾਰ ਮੇਲੇ – ਵਧੀਕ ਡਿਪਟੀ ਕਮਿਸ਼ਨਰ
ਸਾਲ ਦੇ ਅੰਤ ਤੱਕ ਇਕ ਲੱਖ ਲੋਕਾਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ- ਸੀਨੀਅਰ ਵਾਈਸ ਪ੍ਰਧਾਨ ਯੂਥ ਡਿਵਲਪਮੈਂਟ ਬੋਰਡ
ਅੰਮ੍ਰਿਤਸਰ 9 ਸਤੰਬਰ 2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੁਐਲ ਤਰੀਕੇ ਨਾਲ 7ਵੇਂ ਮੇਗਾ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨਾਂ ਨੇ ਰੋਜ਼ਗਾਰ ਉਤੱਪਤੀ ਵਿਭਾਗ ਦੀਆਂ ਦੋ ਹੋਰ ਸਕੀਮਾਂ ‘ਮੇਰਾ ਕੰਮ, ਮੇਰਾ ਮਾਨ’ ਅਤੇ ਸਰਕਾਰੀ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦਾ ਵੀ ਅਗਾਜ਼ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੁੱਧਲ ਨੇ ਭਾਗ ਲੈਂਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰੋਜ਼ਗਾਰ ਬਿਊਰੋ ਅੰਮ੍ਰਿਤਸਰ ਵੱਲੋਂ ਸਤੰਬਰ ਮਹੀਨੇ ਵਿੱਚ ਪੰਜ ਮੇਗਾ ਰੋਜ਼ਗਾਰ ਮੇਲੇ ਲਗਾਏ ਜਾਣਗੇ। ਪਹਿਲਾ ਰੋਜ਼ਗਾਰ ਮੇਲਾ ਅੱਜ 9 ਸਤੰਬਰ 2021 ਨੂੰ ਸਰਕਾਰੀ ਬਹੁ-ਤਕਨੀਕੀ ਕਾਲਜ਼ ਛੇਹਰਟਾ ਵਿਖੇ ਲਗਾਇਆ ਗਿਆ ਹੈ ਅਤੇ ਇਸੇ ਤੋਂ ਇਲਾਵਾ 10 ਸਤੰਬਰ 2021 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ, 14 ਸਤੰਬਰ 2021 ਨੂੰ ਸਰਕਾਰੀ ਆਈ.ਟੀ.ਆਈ ,ਅਜਨਾਲਾ, 16 ਸਤੰਬਰ 2021 ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਰਈਆ ਅਤੇ 17 ਸਤੰਬਰ 2021 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਹੋਵੇਗਾ। ਉਨਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਲਈ 15000 ਤੋਂ ਜਿਆਦਾ ਅਸ਼ਾਮੀਆਂ ਇਕੱਠੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਵਿੱਦਿਅਕ ਯੋਗਤਾ ਦਸਵੀਂ ਤੋਂ ਲੈ ਕੇ ਪੋਸਟ ਗਰੈਜੂਏਟ ਤੱਕ ਹੋਵੇਗੀ। ਇਨ੍ਹਾ ਮੇਲਿਆਂ ਵਿੱਚ ਹਿੱਸਾ ਲੈਣ ਲਈ pgrkam.com ’ਤੇ ਰਜਿਸਟਰੇਸ਼ਨ ਕਰਾ ਸਕਦੇ ਹਨ।
ਇਸ ਮੌਕੇ ਯੂਥ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਪ੍ਰਿੰਸ ਖੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰ ਘਰ ਰੋਜ਼ਗਾਰ ਸਕੀਮ ਤਹਿਤ 1 ਲੱਖ ਲੋਕਾਂ ਨੂੰ ਸਰਕਾਰੀ ਨੌਕਰੀਆਂ ਅਤੇ ਢਾਈ ਲੱਖ ਤੋਂ ਨੌਜਵਾਨਾਂ ਨੂੰ ਗੈਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਰਜਿਸਟਰਡ ਕੀਰਤੀ ਕਾਮਿਆਂ ਨੂੰ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਵਲੋਂ ਮੁਫ਼ਤ ਕਿੱਤਾ ਮੁੱਖੀ ਸਿਖਲਾਈ ਦਿੱਤੀ ਜਾਵੇਗੀ ਅਤੇ ਉਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਭੱਤਾ ਵੀ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੱਜ ਸਰਕਾਰੀ ਨੌਕਰੀਆਂ ਲਈ ਮੁਫ਼ਤ ਕੋਚਿੰਗ ਵੀ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਦੌਰਾਨ ਪਾਰਦਰਸ਼ੀ ਢੰਗ ਨਾਲ ਭਰਤੀ ਕੀਤੀ ਹੈ ਅਤੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਸ੍ਰੀ ਵਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਰੋਜ਼ਗਾਰ ਕਾਰੋਬਾਰ ਬਿਓਰੋ ਅਤੇ ਸਤਿੰਦਰਬੀਰ ਸਿੰਘ ਸੀ.ਈ.ਓ. ਵੀ ਹਾਜ਼ਰ ਸਨ।
ਕੈਪਸ਼ਨ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਚੁਐਲ ਤਰੀਕੇ ਨਾਲ 7ਵੇਂ ਮੇਗਾ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਦੇ ਹੋਏ। ਉਦਘਾਟਨ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੁੱਧਲ, ਯੂਥ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਪ੍ਰਿੰਸ ਖੁੱਲਰ

Spread the love