ਡੇਂਗੂ ਵਿਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ-ਸੋਨੀ

ਜਿਥੋਂ ਡੇਂਗੂ ਦਾ ਲਾਰਵਾ ਮਿਲੇ ਉਨ੍ਹਾਂ ਦੇ ਚਲਾਨ ਕਰੋ
ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 15 ਸਤੰਬਰ 2021

ਜ਼ਿਲੇ੍ ਵਿਚ ਵੱਧ ਰਹੇ ਡੇਗੂ ਕੇਸਾਂ ਤੇ ਚਿੰਤਾ ਜਾਹਿਰ ਕਰਦਿਆਂ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਪੂਰੇ ਸ਼ਹਿਰ ਵਿਚ ਫਾਗਿੰਗ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਜਿਥੇ ਵੀ ਪਾਣੀ ਖੜਾ੍ਹ ਰਹਿੰਦਾ ਹੈ,ਉਨ੍ਹਾਂ ਥਾਵਾਂ ਤੇ ਸਪਰੇਅ ਨੂੰ ਯਕੀਨੀ ਬਣਾਇਆ ਜਾਵੇ। ਸ਼੍ਰੀ ਸੋਨੀ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਜਿਹੜੇ ਲੋਕ ਹਸਪਤਾਲਾਂ ਵਿਚ ਡੇਂਗੂ ਦਾ ਇਲਾਜ ਕਰਾਉਣ ਲਈ ਆਉਦੇ ਹਨ,ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾ ਲਈ ਬੈਡ ਰਾਖਵੇ ਰੱਖੇ ਜਾਣ।

ਸ਼੍ਰੀ ਸੋਨੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੋਜ਼ਾਨਾਂ ਸ਼ਹਿਰ ਦੇ 20 ਵਾਰਡਾਂ ਵਿਚ ਫਾਗਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਵਿਭਾਗ ਤੇ ਨਗਰ ਨਿਗਮ ਸਾਂਝੇ ਤੋਰ ਡੇਂਗੂ ਦੇ ਖਿਲਾਫ ਜੰਗ ਛੇੜੇ। ਉਨ੍ਹਾਂ ਕਿਹਾ ਕਿ ਅਸੀ ਪਹਿਲਾਂ ਕਰੋਨਾ ਦੇ ਵਿਰੁੱਧ ਜੰਗ ਲੜੀ ਹੈ ਅਤੇ ਉਸ ਤੇ ਜਿੱਤ ਪ੍ਰਾਪਤ ਕੀਤੀ ਹੈ, ਉਸ਼ੇ ਤਰਾ੍ਹ ਹੀ ਹੁਣ ਸਾਨੂੰ ਸਾਰਿਆਂ ਨੂੰ ਮਿਲ ਕੇ ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਡੰਗ ਤੋ ਬਚਾਉਣਾ ਹੈ। ਸ਼੍ਰੀ ਸੋਨੀ ਨੇ ਸਿਵਲ ਸਰਜਨ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਡਾਕਟਰਾਂ ਦੀ ਡਿਊਟੀ ਵੀ ਲਗਾਈ ਜਾਵੇ ਜੋ ਕਿ ਡੇਂਗੂ ਸਬੰਧੀ ਲੋਕਾਂ ਦਾ ਚੈਕਅਪ ਕਰ ਸਕਣ ਅਤੇ ਲੋਕਾਂ ਨੂੰ ਇਸ ਤੋ ਜਾਗਰੂਕ ਵੀ ਕਰ ਸਕਣ। ਸ਼੍ਰੀ ਸੋਨੀ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਆਪੋ ਆਪਣੇ ਅਧਿਕਾਰ ਖੇਤਰ ਦਾ ਦੌਰਾ ਕਰਨ ਅਤੇ ਜਿਥੇ ਕਿਤੇ ਕੋਈ ਕਮੀ ਨਜ਼ਰ ਆਉਦੀ ਹੈ ਨੂੰ ਦੂਰ ਕੀਤਾ ਜਾਵੇ। ਸ਼੍ਰੀ ਸੋਨੀ ਨੇ ਕਿਹਾ ਕਿ ਡੇਂਗੂ ਕੇਸਾਂ ਵਿਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਡਾਕਟਰਾਂ ਦੇ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਸ਼੍ਰੀ ਸੋਨੀ ਨੇ ਕਿਹਾ ਕਿ ਜਿੰਨ੍ਹਾਂ ਸਥਾਨਾਂ ਤੇ ਡੇਂਗੂ ਦਾ ਲਾਰਵਾ ਮਿਲਦਾ ਹੈ ਦੇ ਚਾਲਾਨ ਕੀਤੇ ਜਾਣ। ਉੁਨ੍ਹਾਂ ਸਿਹਤ, ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਵਾਰ ਡੇਂਗੂ ਦੇ ਡੰਗ ਨੂੰ ਫੈਲਣ ਤੋਂ ਹਰ ਹਾਲ ਵਿਚ ਰੋੋਕਿਆ ਜਾਵੇ ਅਤੇ ਪਿਛਲੇ ਸਾਲ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਦਵਾਈ ਦੀ ਸਪਰੇਅ ਦਾ ਵੱਧ ਜੋਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਸ ਲਈ ਸਬੰਧਤ ਵਿਭਾਗ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਸ਼ਹਿਰ ਵਿਚ ਇਹ ਮੱਛਰ ਜ਼ਿਆਦਾ ਫੈਲਦਾ ਹੋਣ ਕਾਰਨ ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਜਿੱਥੇ ਵੀ ਸਿਹਤ ਵਿਭਾਗ ਕਹੇ, ਤੁਰੰਤ ਮੱਛਰ ਮਾਰ ਦਵਾਈ ਦੀ ਸਪਰੇਅ ਕੀਤੀ ਜਾਵੇ। ਸ਼੍ਰੀ ਸੋਨੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰਾਂ, ਦੁਕਾਨਾਂ, ਦਫਤਰਾਂ ਅਤੇ ਹੋਰ ਥਾਵਾਂ ’ਤੇ ਪਏ ਵਾਧੂ ਸਮਾਨ, ਜਿਸ ਵਿਚ ਮੀਂਹ ਆਦਿ ਦਾ ਪਾਣੀ ਖੜ੍ਹ ਸਕਦਾ ਹੈ, ਉਸ ਨੂੰ ਸਾਫ ਕਰਦੇ ਰਹੋ ਤਾਂ ਹੀ ਡੇਂਗੂ ਦੇ ਡੰਗ ਤੋ ਬੱਚਿਆ ਜਾ ਸਕਦਾ ਹੈ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਨਗਰ ਨਿਗਮ ਵਲੋ ਨਵੀਆਂ ਫਾਗਿੰਗ ਮਸ਼ੀਨਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਲੋ ਖੁਦ ਰੋਜਾਨਾ ਇਸ ਸਬੰਧੀ ਰਿਪੋਰਟ ਵੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਭੀੜ ਭਾੜ ਵਾਲੇ ਬਜ਼ਾਰਾਂ ਵਿਚ ਛੋਟੀਆਂ ਮਸ਼ੀਨਾਂ ਰਾਹੀਂ ਫਾਗਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਿਛਲੇ ਦਿਨੀ ਉਨ੍ਹਾਂ ਵਲੋ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਦੋਰਾਨ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਾਂਝੇ ਤੋਰ ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮੀਟਿੰਗ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਅੰਮ੍ਰਿਤਸਰ ਡਾ: ਚਰਨਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਵਿਚ ਡੇਂਗੂ ਦੇ 303 ਕੇਸ ਸ਼ੱਕੀ ਪਾਏ ਗਏ , ਜਿੰਨ੍ਹਾਂ ਵਿਚੋ 278 ਕੇਸ ਪਾਜਟਿਵ ਪਾਏ ਗਏ ਅਤੇ ਇਸ ਸਾਲ ਹੁਣ ਤੱਕ ਡੇਂਗੂ ਦਾ ਲਾਰਵਾ ਮਿਲਣ ਤੇ 546 ਚਲਾਨ ਕੱਟੇ ਗਏ ਹਨ। ਉਨਾਂ ਕਿਹਾ ਕਿ ਇਸ ਲਈ ਨਗਰ ਨਿਗਮ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਖੜਾ ਨਾ ਹੋਣ ਦੇਵੇ ਅਤੇ ਜਿੱਥੇ ਪਾਣੀ ਖੜਦਾ ਹੈ, ਉਥੇ ਸਮੇਂ-ਸਮੇਂ ਦਵਾਈ ਦੀ ਸਪਰੇਅ ਕਰਵਾਏ।

ਇਸ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਕਮਿਸ਼ਨਰ ਨਗਰ ਨਿਗਮ ਸ: ਮਲਵਿੰਦਰ ਸਿੰਘ ਜੱਗੀ, ਕਮਿਸ਼ਨਰ ਪੁਲਸ ਸ਼੍ਰੀ ਵਿਕਰਮਜੀਤ ਦੁੱਗਲ, ਜ਼ਿਲਾ੍ਹ ਮਲੇਰੀਆ ਅਫਸਰ ਡਾ. ਮਦਨ ਮੋਹਨ,ਐਕਸੀਅਨ ਨਗਰ ਨਿਗਮ ਸ਼: ਸੰਦੀਪ ਸਿੰਘ,ਕੋਸਲਰ ਵਿਕਾਸ ਸੋਨੀ, ਸ: ਸਰਬਜੀਤ ਸਿੰਘ ਲਾਟੀ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

ਕੈਪਸ਼ਨ-ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਡੇਂਗੂ ਨੂੰ ਲੈ ਕੇ ਮੀਟਿੰਗ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟ ,ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ, ਕਮਿਸ਼ਨਰ ਪੁਲਸ ਸ਼੍ਰੀ ਵਿਕਰਮਜੀਤ ਦੁੱਗਲ

 

Spread the love