
ਹਾਈਕੋਰਟ ਦੀ ਨਿਗਰਾਨੀ ਵਿੱਚ ਸੇਵਾਮੁਕਤ ਜੱਜਾਂ ਦੀ ਕਮੇਟੀ ਬਣਾ ਕੇ ਸਮਾਂਬੱਧ ਜਾਂਚ ਕਰਵਾਏ ਕਾਂਗਰਸ ਸਰਕਾਰ: ਆਪ
ਚੋਣਾ ਤੋਂ ਠੀਕ ਪਹਿਲਾ ਅਜਿਹੀਆਂ ਦਿਲ- ਦਹਿਲਾ ਦੇਣ ਵਾਲੀਆਂ ਘਟਨਾਵਾਂ ਕਿਉਂ ਹੁੰਦੀਆਂ: ਕੁਲਤਾਰ ਸਿੰਘ ਸੰਧਵਾਂ/ਬਲਜਿੰਦਰ ਕੌਰ
ਜੇ ਪੁਰਾਣੇ ਬੇਅਦਬੀ ਮਾਮਲਿਆਂ ਵਿੱਚ ਸ਼ਾਮਲ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕੀਤੀ ਹੁੰਦੀ, ਤਾਂ ਅੱਜ ਕਿਸੇ ਦੀ ਦੁਬਾਰਾ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਹੁੰਦੀ: ਅਮਰਜੀਤ ਸਿੰਘ ਸੰਦੋਆ/ ਜੈ ਸਿੰਘ ਰੋੜੀ
ਚੰਡੀਗੜ੍ਹ, 15 ਸਤੰਬਰ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਹਾਲ ਹੀ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਸੂਬੇ ਦੇ ਸ਼ਾਂਤੀਪੂਰਨ ਮਹੌਲ ਲਈ ਮੰਦਭਾਗਾ ਅਤੇ ਪ੍ਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ। ‘ਆਪ’ ਨੇ ਦੋਸ਼ ਲਾਇਆ ਕਿ ਅਜਿਹੀਆਂ ਘਟੀਆ ਹਰਕਤਾਂ ਨੂੰ ਅੰਜ਼ਾਮ ਦੇ ਕੇ ਸ਼ਰਾਰਤੀ ਤੱਤ ਆਉਂਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਪੰਜਾਬ ਦੀ ਸ਼ਾਂਤੀ ਅਤੇ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਦੇ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਅਮਰਜੀਤ ਸਿੰਘ ਸੰਦੋਆ ਅਤੇ ਜੈ ਸਿੰਘ ਰੋੜੀ ਨੇ ਕਾਂਗਰਸ ਸਰਕਾਰ ਤੋਂ ਇਸ ਮਾਮਲੇ ਦੀ ਸਾਬਕਾਂ ਜੱਜਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾ ਕੇ ਹਾਈਕੋਰਟ ਦੀ ਨਿਗਰਾਨੀ ਵਿੱਚ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਪੁਲੀਸ ਅਤੇ ਬਾਦਲ ਦੇ ਕੰਟਰੋਲ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੀ ਕਾਰਜਸ਼ੈਲੀ ਉਤੇ ਭਰੋਸਾ ਨਹੀਂ ਹੈ।
ਉਨ੍ਹਾਂ ਸਵਾਲ ਕੀਤਾ ਕਿ ਚੋਣਾ ਤੋਂ ਠੀਕ ਪਹਿਲਾ ਅਜਿਹੀਆਂ ਦਿਲ- ਦਹਿਲਾ ਦੇਣ ਵਾਲੀਆ ਘਟਨਾਵਾਂ ਕਿਉਂ ਹੁੰਦੀਆਂ ਹਨ? ਸਰਕਾਰ ਦੀ ਨਾਕਾਮੀ ਤੋਂ ਇਲਾਵਾ, ਅਜਿਹੀਆਂ ਘਟਨਾਵਾਂ ਕਿਸੇ ਖਾਸ ਯੋਜਨਾ ਦੇ ਤਹਿਤ ਵਾਪਰਨ ਦਾ ਸੰਕੇਤ ਦਿੰਦੀਆਂ ਹਨ, ਜਿਨ੍ਹਾਂ ਦਾ ਉਦੇਸ਼ ਨਾ ਕੇਵਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ ਬਲਕਿ ਸਮਾਜਿਕ ਭਾਈਚਾਰੇ ਨੂੰ ਕਮਜ਼ੋਰ ਕਰਨਾ ਵੀ ਹੈ। ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਸੰਪਰਦਾਇਕ ਅਤੇ ਧਾਰਮਿਕ ਆਧਾਰ ’ਤੇ ਵੰਡ ਕੇ ਲੋਕਾਂ ਵਿੱਚ ਸ਼ੱਕ ਦੀ ਭਾਵਨਾ ਪੈਦਾ ਕਰਨ ਲਈ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਬੇਅਦਬੀ ਦੀ ਇਹ ਘਟਨਾ ਵੀ ਉਸੇ ਕੜੀ ਦਾ ਹਿੱਸਾ ਹੈ।
‘ਆਪ’ ਆਗੂਆਂ ਨੇ ਅੱਗੇ ਕਿਹਾ, ‘‘ਕੈਪਟਨ ਸਰਕਾਰ ਨੇ ਬੇਅਦਬੀ ਦੀਆਂ ਪਿਛਲੀਆਂ ਘਟਨਾਵਾਂ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸ ਲਈ ਬੇਅਦਬੀ ਦੇ ਦੋਸ਼ੀਆਂ ਵਿੱਚ ਡਰ ਖ਼ਤਮ ਹੋ ਗਿਆ ਹੈ। ਜੇ ਪਿਛਲੇ ਬੇਅਦਬੀ ਮਾਮਲਿਆਂ ਵਿੱਚ ਸ਼ਾਮਲ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਕਿਸੇ ਦੀ ਦੁਬਾਰਾ ਅਜਿਹੀ ਹਰਕਤ ਕਰਨ ਦੀ ਹਿੰਮਤ ਨਹੀਂ ਹੁੰਦੀ।’’ ਆਗੂਆਂ ਨੇ ਕਿਹਾ ਕਿ ਇਹ ਘਟਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ, ਯੋਜਨਾਵਾਂ ਅਤੇ ਕਾਰਜਪ੍ਰਣਾਲੀ ’ਤੇ ਵੀ ਸ਼ੱਕ ਪੈਦਾ ਕਰਦੀ ਹੈ।