ਮੁੱਖ ਮੰਤਰੀ ਚੰਨੀ ਕੈਪਟਨ ਮੰਤਰੀ ਮੰਡਲ ਦੇ ਪੰਜ ਦਾਗੀ ਮੰਤਰੀਆਂ ਉਪਰ ਮੁਕੱਦਮੇ ਦਰਜ ਕਰਕੇ ਸਲਾਖ਼ਾਂ ਪਿੱਛੇ ਸੁੱਟਣ: ਹਰਪਾਲ ਸਿੰਘ ਚੀਮਾ

AAP
ਮੁੱਖ ਮੰਤਰੀ ਚੰਨੀ ਕੈਪਟਨ ਮੰਤਰੀ ਮੰਡਲ ਦੇ ਪੰਜ ਦਾਗੀ ਮੰਤਰੀਆਂ ਉਪਰ ਮੁਕੱਦਮੇ ਦਰਜ ਕਰਕੇ ਸਲਾਖ਼ਾਂ ਪਿੱਛੇ ਸੁੱਟਣ: ਹਰਪਾਲ ਸਿੰਘ ਚੀਮਾ
ਚੰਨੀ ਅਤੇ ਸਿੱਧੂ ਭ੍ਰਿਸ਼ਟ ਮੰਤਰੀਆਂ ਖਿਲਾਫ਼ ਕਾਰਵਾਈ ਕਰਦੇ ਜਾਂ ਕੈਪਟਨ ਵਾਂਗ ਖ਼ੁਦ ਨੂੰ ਨਵੇਂ ‘ਅਲੀ ਬਾਬਾ’ ਸਿੱਧ ਕਰਦੇ ਨੇ

ਚੰਡੀਗੜ, 22 ਸਤੰਬਰ 2021

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੰਦਿਆਂ ਕੈਪਟਨ ਮੰਤਰੀ ਮੰਡਲ ਦੇ ਪੰਜ ਦਾਗੀ ਮੰਤਰੀਆਂ ਉਪਰ ਮੁਕੱਦਮੇ ਦਰਜ ਕਰਕੇ ਸਲਾਖ਼ਾਂ ਪਿੱਛੇ ਸੁੱਟਣ ਅਤੇ ਸੂਬੇ ਦੇ ਲੁੱਟੇ ਅਰਬਾਂ ਰੁਪਏ ਦੀ ਵਸੂਲੀ ਕਰਨ ਦੀ ਮੰਗ ਕੀਤੀ ਹੈ।

ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿੱਚ ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਬੁਲਾਰੇ ਨੀਲ ਗਰਗ ਸਮੇਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ”ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਸਮੇਤ ਉਸਦੀ ਸਾਰੀ ਕੈਬਨਿਟ ਅਤੇ ਬਹੁਤੇ ਕਾਂਗਰਸੀ ਵਿਧਾਇਕਾਂ ਨੇ ਬਾਦਲਾਂ ਵਾਂਗ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ, ਪ੍ਰੰਤੂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਭਾਰਤ ਭੂਸ਼ਣ ਆਸ਼ੂ ਅਤੇ ਸ਼ਾਮ ਸੁੰਦਰ ਅਰੋੜਾ ਵਿਰੁੱਧ ਤਾਂ ਤੱਥਾਂ ਸੂਬਤਾਂ ਦੇ ਪੁਲੰਦੇ ਜਨਤਕ ਹੋ ਚੁੱਕੇ ਹਨ।

ਆਮ ਆਦਮੀ ਪਾਰਟੀ ਨਾ ਕੇਵਲ ਇਨਾਂ ਮੰਤਰੀਆਂ ਵਿਰੁੱਧ ਪੰਜਾਬ ਸਰਕਾਰ ਅਤੇ ਰਾਜਪਾਲ ਪੰਜਾਬ ਕੋਲੋਂ ਬਰਖ਼ਾਸਤਗੀ ਅਤੇ ਕਾਰਵਾਈ ਮੰਗਦੀ ਆ ਰਹੀ ਹੈ, ਸਗੋਂ ਇਨਾਂ ਭ੍ਰਿਸ਼ਟ ਮੰਤਰੀਆਂ ਸਮੇਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਰਿਹਾਇਸ਼ਾਂ ਵੀ ਘੇਰਦੀ ਆ ਰਹੀ ਹੈ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਇਨਾਂ ਨੂੰ ਆਪਣੀ ਕੁਰਸੀ ਲਈ ਬਚਾਉਂਦੇ ਰਹੇ। ਇਸ ਲਈ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਇਹ ਪਰਖ਼ ਦੀ ਘੜੀ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਇਨਾਂ ਭ੍ਰਿਸ਼ਟਾਚਾਰੀਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਜੇਲਾਂ ਵਿੱਚ ਸੁੱਟਦੇ ਹਨ ਜਾਂ ਫਿਰ ਦੁਬਾਰਾ ਵਜ਼ੀਰੀਆਂ ਬਖ਼ਸ਼ ਕੇ ਕੈਪਟਨ ਅਮਰਿੰਦਰ ਸਿੰਘ ਵਾਂਗ ਖ਼ੁਦ ਨੂੰ ਨਵੇਂ  ‘ਅਲੀ ਬਾਬਾ’ ਸਿੱਧ ਕਰਦੇ ਹਨ।

ਹਰਪਾਲ ਸਿੰਘ ਚੀਮਾ ਨੇ ਸਬੂਤ ਵਜੋਂ ਸਰਕਾਰੀ ਪੱਤਰ ਅਤੇ ਵੱਖ- ਵੱਖ ਜਾਂਚ ਰਿਪੋਰਟਾਂ ਪੇਸ਼ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੋਸ਼ਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਵਿੱਚ ਕਰੀਬ 8 ਕਰੋੜ ਦਾ ਘੋਟਾਲਾ ਕਰਕੇ ਲੱਖਾਂ ਗਰੀਬ ਵਿਦਿਆਰਥੀਆਂ ਦਾ ਸਿੱਖਿਆ ਹਾਸਲ ਕਰਨ ਦਾ ਹੱਕ ਮਾਰਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਕਿਰਪਾ ਸ਼ੰਕਰ ਸਿਰੋਜ਼ ਨੇ ਜਿੱਥੇ ਮੰਤਰੀ ਧਰਮਸੋਤ ਖ਼ਿਲਾਫ਼ ਜਾਂਚ ਰਿਪੋਰਟ ਦਿੱਤੀ ਹੈ, ਉਥੇ ਕੇਂਦਰ ਸਰਕਾਰ ਤੇ ਸੀ.ਬੀ.ਆਈ ਨੇ ਵੀ ਮੰਤਰੀ ਖ਼ਿਲਾਫ਼ ਕਾਰਵਾਈ ਲਈ ਕੈਪਟਨ ਸਰਕਾਰ ਤੋਂ ਫਾਇਲਾਂ ਦੀ ਮੰਗ ਕੀਤੀ ਸੀ। ਇਥੇ ਹੀ ਬਸ ਨਹੀਂ ਇਕ ਹੋਰ ਸੀਨੀਅਰ ਅਧਿਕਾਰੀ ਦਵਿੰਦਰ ਸਿੰਘ ਨੇ ਚੰਡੀਗੜ ਪੁਲੀਸ ਨੂੰ ਸ਼ਿਕਾਇਤ ਦੇ ਕੇ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਮੁਕੱਦਮਾ ਦਰਜ ਕਰਨ ਲਈ ਕਿਹਾ ਸੀ। ਉਨਾਂ ਮੰਗ ਕੀਤੀ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਉਨਾਂ ਨੂੰ ਕਲੀਨ ਚਿੱਟ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਘੋਟਾਲੇ ਦੀ ਰਕਮ ਵਸੂਲ ਕੀਤੀ ਜਾਵੇ।

ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਜ਼ਮੀਨ ਮਾਫ਼ੀਆ ਅਤੇ ਮੰਡੀ ਮਾਫੀਆ ਨਾਲ ਜੁੜੇ ਹੋਣ ਦੇ ਦੋਸ਼ ਲਾਉਂਦਿਆ ਚੀਮਾ ਨੇ ਕਿਹਾ ਕਿ ਹੋਰਨਾਂ ਸੂਬਿਆਂ ਵਿਚੋਂ ਝੋਨਾ ਅਤੇ ਕਣਕ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚੇ ਜਾਣ ਦਾ 10 ਹਜ਼ਾਰ ਕਰੋੜ ਦਾ ਘੋਟਾਲਾ ਮੰਤਰੀ ਦੇ ਨੱਕ ਥੱਲੇ ਹੋਇਆ ਹੈ। ਇਸੇ ਤਰਾਂ ਭਾਰਤ ਭੂਸ਼ਣ ਆਸ਼ੂ ਲਧਿਆਣਾ ਦੇ ਬਹੁ ਕਰੋੜੀ ਸੀ.ਐਲ.ਯੂ ਲੈਂਡ ਘੋੋਟਾਲੇ ‘ਚ ਸ਼ਾਮਲ ਹਨ।

ਜਦੋਂ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਤੋਂ ਇਲਾਜ ਲਈ ਫ਼ਤਿਹ ਕਿੱਟ ਅਤੇ ਨਸ਼ਾ ਛੁਡਾਉਂ ਗੋਲੀਆਂ ਖ਼ਰੀਦਣ ਵਿੱਚ ਕਰੋੜਾਂ ਦਾ ਘੋਟਾਲਾ ਕੀਤਾ ਅਤੇ ਪਿੰਡ ਬਲੌਂਗੀ ਦੀ ਕਰੋੜਾਂ ਰੁਪਇਆਂ ਦੀ ਪੰਚਾਇਤੀ ਜ਼ਮੀਨ ‘ਤੇ ਗਊਸ਼ਾਲਾ ਦੇ ਨਾਂ ‘ਤੇ ਨਜਾਇਜ਼ ਕਬਜ਼ਾ ਕੀਤਾ ਹੈ। ਚੀਮਾ ਨੇ ਕਿਹਾ ਕਿ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਮੋਹਾਲੀ ਵਿਚਲੀ ਜੇ.ਸੀ.ਟੀ ਕੰਪਨੀ ਦੀ 31 ਏਕੜ ਜ਼ਮੀਨ ਪ੍ਰਾਈਵੇਟ ਕੰਪਨੀ ਨੂੰ ਵੇਚ 1500 ਕਰੋੜ ਦਾ ਘੋਟਾਲਾ ਕੀਤਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੀ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਾਇਆ ਹੈ।

ਹੋਰ ਪੜ੍ਹੋ :-ਆਮ ਆਦਮੀ ਪਾਰਟੀ ਨੇ ਪੰਜਾਬ ਦੇ ਡਾਕਟਰਾਂ ਦੀਆਂ ਮੰਗਾਂ ਦਾ ਕੀਤਾ ਸਮਰਥਨ

ਹਰਪਾਲ ਸਿੰਘ ਚੀਮਾ ਨੇ ਕਿਹਾ ਉਕਤ ਮੰਤਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਕਰਨ ਦੇ ਸਬੂਤ ਪੰਜਾਬ ਸਰਕਾਰ ਅਤੇ ਮੀਡੀਆ ਕੋਲ ਮੌਜ਼ੂਦ ਹਨ, ਪਰ ਕਾਂਗਰਸ ਦੇ ਹੋਰ ਮੰਤਰੀ ਅਤੇ ਵਿਧਾਇਕ ਵੀ ਭ੍ਰਿਸ਼ਟਾਚਾਰ ਅਤੇ ਜ਼ਮੀਨ- ਰੇਤ ਮਾਫ਼ੀਆਂ ਨਾਲ ਮਿਲੇ ਹੋਏ ਹਨ, ਜਿਨਾਂ ਬਾਰੇ ਖੁਲਾਸੇ ਅਗਲੇ ਦਿਨਾਂ ਵਿੱਚ ਕੀਤੇ ਜਾਣਗੇ।

Spread the love