ਸਰਕਾਰੀ ਅਦਾਰਿਆਂ ਵਿੱਚ ਵੀ ਚੱਲੇਗੀ ਸਫਾਈ ਮੁਹਿੰਮ
ਫਾਜ਼ਿਲਕਾ, 24 ਸਤੰਬਰ 2021
ਕਲੀਨ ਇੰਡੀਆ ਮੁਹਿੰਮ ਤਹਿਤ ਅਕਤੂਬਰ ਮਹੀਨੇ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ ਦੇ ਹਰੇਕ ਮੁਹੱਲੇ ਤੋਂ 40 ਕਿਲੋ ਕੁਦਰਤੀ ਤੌਰ ਤੇ ਨਾ ਨਸ਼ਟ ਹੋਣ ਵਾਲਾ ਸੁੱਕਾ ਕੂੜਾ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਅੱਜ ਏਥੇ ਇਸ ਮੁਹਿੰਮ ਦੀ ਸਫਲਤਾ ਲਈ ਅਗੇਤੇ ਪ੍ਰਬੰਧਾਂ ਤਹਿਤ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਏ.ਡੀ.ਸੀ. ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਰਕਾਰੀ ਦਫ਼ਤਰਾਂ ਵਿੱਚ ਵੀ ਮਹੀਨੇ ਦੌਰਾਨ 2 ਵਾਰ ਕ੍ਰਮਵਾਰ 2 ਅਤੇ 15 ਅਕਤੂਬਰ ਨੂੰ ਸਫਾਈ ਅਭਿਆਨ ਚਲਾਇਆ ਜਾਵੇਗਾ। ਇਸ ਤੋਂ ਬਿਨਾਂ ਜਨ ਭਾਗੀਦਾਰੀ ਨਾਲ ਪਿੰਡਾਂ ਅਤੇ ਮੁਹੱਲਿਆਂ ਵਿੱਚ ਵਿਚੋਂ ਇਹ ਸੁੱਕਾ ਕੂੜਾ ਜਿਵੇਂ ਪਲਾਸਟਿਕ, ਪੋਲੀਥੀਨ, ਪਲਾਸਟਿਕ ਦੀਆਂ ਬੋਤਲਾਂ, ਪਲਾਸਟਿਕ ਦੇ ਰੇਪਰ, ਥਰਮੋਕੋਲ, ਕੱਚ ਆਦਿ ਨੂੰ ਇਕੱਤਰ ਕੀਤਾ ਜਾਵੇਗਾ। ਹਰੇਕ ਪਿੰਡ ਅਤੇ ਮੁਹੱਲੇ ਵਿਚ ਪਹਿਲਾਂ ਤੋਂ ਨਿਰਧਾਰਤ ਸਮਾਂ ਸਾਰਨੀ ਅਨੁਸਾਰ ਘੱਟੋਂ ਘੱਟ 2 ਵਾਰ ਇਹ ਕੂੜਾ ਇਕੱਤਰ ਕਰਨ ਦੀ ਮੁਹਿੰਮ ਚਲਾਈ ਜਾਵੇਗੀ, ਜਿਸ ਵਿੱਚ ਨੌਜਵਾਨ ਕਲੱਬ, ਵਿਦਿਆਰਥੀ, ਪੰਚਾਇਤਾਂ, ਗੈਰ ਸਰਕਾਰੀ ਸੰਗਠਨ ਸ਼ਿਰਕਤ ਕਰਨਗੇ। ਹਰੇਕ ਮੁਹਿੰਮ ਦੌਰਾਨ ਇਕ ਪਿੰਡ ਤੋਂ 20 ਕਿਲੋ ਦੀ ਦਰ ਨਾਲ ਕੁੱਲ 40 ਕਿਲੋ ਕੱਚਰਾ ਮਹੀਨੇ ਦੌਰਾਨ ਇਕੱਤਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਪੰਚਾਇਤਾਂ ਅਤੇ ਸ਼ਹਿਰਾਂ ਵਿੱਚ ਨਗਰ ਨਿਗਮ/ਨਗਰ ਕੌਂਸਲਾਂ/ਨਗਰ ਪੰਚਾਇਤ ਇਸ ਅਭਿਆਨ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਹੋਣਗੇ ਪਰ ਬਾਕੀ ਸਾਰੇ ਵਿਭਾਗ ਵੀ ਇਸ ਮੁਹਿੰਮ ਵਿੱਚ ਪੂਰੀ ਸਰਗਰਮੀ ਨਾਲ ਸ਼ਿਰਕਤ ਕਰਨਗੇ।
ਏ.ਡੀ.ਸੀ. ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਤੋਂ ਬਿਨਾਂ ਪਿੰਡਾਂ ਅਤੇ ਮੁਹੱਲਿਆਂ ਦੇ ਸੁੰਦਰੀਕਰਨ, ਨਵੇਂ ਪੌਦੇ ਲਗਾਉਣ, ਇਤਿਹਾਸਿਕ ਮਹੱਤਤਾ ਦੀਆਂ ਥਾਂਵਾਂ ਦੀ ਸਫਾਈ, ਵਿਰਾਸਤੀ ਪਾਣੀ ਦੇ ਸਰੋਤਾਂ ਦੀ ਸਫਾਈ ਵਰਗੇ ਕਾਰਜ ਵੀ ਇਸ ਮੁਹਿੰਮ ਦੌਰਾਨ ਹੋਣਗੇ।
ਬੈਠਕ ਵਿੱਚ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਕੰਵਰਜੀਤ ਸਿੰਘ, ਐਸ.ਪੀ. ਮਨਵਿੰਦਰ ਸਿੰਘ, ਤਹਿਸੀਲਦਾਰ ਸ਼ਿਸ਼ਪਾਲ, ਨਹਿਰੂ ਯੂਵਾ ਕੇਂਦਰ ਦੇ ਕੋਆਰਡੀਨੇਟਰ ਲਖਵਿੰਦਰ ਸਿੰਘ, ਈ.ਓ. ਰਜ਼ਨੀਸ ਕੁਮਾਰ ਅਤੇ ਡਾ. ਕਵਿਤਾ ਵੀ ਹਾਜ਼ਰ ਸਨ।