ਸਰਪੰਚ ਸੁੱਖਪ੍ਰੀਤ ਸਿੰਘ ਰਿਆੜ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ

ਸਰਪੰਚ
ਸਰਪੰਚ ਸੁੱਖਪ੍ਰੀਤ ਸਿੰਘ ਰਿਆੜ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ
ਹੈਪੀਸੀਡਰ ਤੇ ਸੁਪਰਸੀਡਰ ਨਾਲ ਪਰਾਲੀ ਨੂੰ ਆਪਣੀ ਜ਼ਮੀਨ ਵਿਚ ਮਿਲਾ ਕੇ ਕਰਦਾ ਹੈ ਅਗਲੀ ਫਸਲ ਦੀ ਬਿਜਾਈ

ਗੁਰਦਾਸਪੁਰ, 27 ਸਤੰਬਰ 2021

ਅਗਾਂਹਵਧੂ ਕਿਸਾਨ ਸਰਪੰਚ ਸੁੱਖਪ੍ਰੀਤ ਸਿੰਘ ਰਿਆੜ, ਪਿੰਡ ਕਠਾਣਾ, ਗੁਰਦਾਸਪੁਰ, ਨੇ ਦੱਸਿਆ ਕਿ ਉਸਦੀ 35 ਏਕੜ ਜ਼ਮੀਨ ਹੈ ਅਤੇ ਉਸਨੇ ਪਿਛਲੇ 04 ਸਾਲਾਂ ਤੋਂ ਪਰਾਲੀ ਦੇ ਨਾੜ ਨੂੰ ਅੱਗ ਨਾ ਲਗਾ ਕੇ ਅਗਲੀ ਫਸਲ ਦੀ ਬਿਜਾਈ ਕਰ ਰਿਹਾ ਹੈ। ਇਸ ਨਾਲ ਜਿਥੇ ਫਸਲ ਦਾ ਝਾੜ ਵਧਿਆ ਹੈ, ਓਥੇ ਆਪਣੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੂੰ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਨ ਵਿਚ ਯੋਦਗਾਨ ਪਾ ਰਿਹਾ ਹੈ।

ਅਗਾਂਹਵਧੂ ਕਿਸਾਨ ਸਰਪੰਚ ਸੁੱਖਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਨਾੜ ਨੂੰ ਅੱਗ ਲਗਾਉਣ ਦੀ ਬਜਾਇ, ਪਿਛਲੇ ਚਾਰ ਸਾਲਾਂ ਤੋਂ ਹੈਪੀਸੀਡਰ ਅਤੇ ਸੁਪਰਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਆਪਣੀ ਜ਼ਮੀਨ ਵਿਚ ਮਿਲਾ ਕੇ ਅਗਲੀ ਫਸਲ ਦੀ ਬਿਜਾਈ ਕਰਦਾ ਹੈ। ਉਨਾਂ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਵਿਧੀ ਨਾਲ ਉਸ ਦੀ ਜ਼ਮੀਨ ਦੀ ਸਿਹਤ ਵਿਚ ਬਹੁਤ ਸੁਧਾਰ ਆਇਆ ਹੈ ਅਤੇ ਫਸਲ ਦੀ ਝਾੜ ਅਤੇ ਗੁਣਵੱਤਾ ਵਿਚ ਵਾਧਾ ਹੋਇਆ ਹੈ। ਉਸਨੇ ਦੱਸਿਆ ਕਿ ਜ਼ਮੀਨ ਦੀ ਪਹਿਲਾਂ ਉਪਜਾਊ ਸ਼ਕਤੀ ਬਹਤ ਘੱਟ ਸੀ, ਜਿਸ ਕਾਰਨ ਜ਼ਮੀਨ ਖਾਦਾਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਸੀ ਪਰ ਪਰਾਲੀ ਜ਼ਮੀਨ ਵਿਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋਇਆ ਹੈ ਅਤੇ ਖਾਦਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ।

ਕਿਸਾਨ ਸੁੱਖਪ੍ਰੀਤ ਸਿੰਘ ਰਿਆੜ ਨੇ ਕਿਸਾਨ ਸਾਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨਾ ਨਹੀਂ ਚਾਹੀਦਾ ਹੈ। ਉਨਾਂ ਕਿਹਾ ਕਿ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਹੋ ਰਹੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ।ਨਾੜ ਨੂੰ ਅੱਗ ਨਾ ਲਗਾਉਣ ਤੇ ਜਿਥੇ ਮਿੱਤਰ ਕੀੜੇ ਫਸਲ ਲਈ ਸਹਾਈ ਹੁੰਦੇ ਹਨ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।

ਇਸ ਮੌਕੇ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲੇ ਦੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਪੱਧਰ ਤਕ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ ਤੇ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚ ਹੀ ਵਾਹੁਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

Spread the love