ਪਰਾਲੀ ਪ੍ਰਬੰਧਨ ਸਬੰਧੀ ਪਿੰਡ ਪਾਲੀਆ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ

PARALI
ਪਰਾਲੀ ਪ੍ਰਬੰਧਨ ਸਬੰਧੀ ਪਿੰਡ ਪਾਲੀਆ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ
-ਪਰਾਲੀ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਮਸ਼ੀਨਰੀ ਬਾਰੇ ਦਿੱਤੀ ਜਾਣਕਾਰੀ

ਪਟਿਆਲਾ (ਨਾਭਾ), 27 ਸਤੰਬਰ 2021

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਣਕਾਰੀ ਦੇਣ ਲਈ ਬਲਾਕ ਨਾਭਾ ਦੇ ਪਿੰਡ ਪਾਲੀਆ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਰਸ਼ਪਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਸੁਚੇਤ ਕਰਦਿਆ ਦੱਸਿਆ ਕਿ ਜਿਥੇ ਪਰਾਲੀ ਦਾ ਧੂੰਆਂ ਵਾਤਾਵਰਣ ਨੂੰ ਗੰਧਲਾ ਕਰਕੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਉਥੇ ਹੀ ਮਿੱਟੀ ਦੀ ਸਿਹਤ ਨੂੰ ਵੀ ਵੱਡਾ ਨੁਕਸਾਨ ਹੁੰਦਾ ਹੈ।

ਹੋਰ ਪੜ੍ਹੋ :-ਵਜੀਫ਼ੇ ਵਾਸਤੇ ਦਿਵਿਆਂਗ ਵਿਦਿਆਰਥੀਆਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ

ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆ ਦੱਸਿਆ ਕਿ ਪਰਾਲੀ ਵਿੱਚ ਬਹੁਤ ਸਾਰੇ ਕੀਮਤੀ ਤੱਤ ਹੁੰਦੇ ਹਨ, ਜਿਨ੍ਹਾਂ ਨੂੰ ਵਾਪਸ ਖੇਤ ਵਿਚ ਸਾਂਭਣ ਦੀ ਲੋੜ ਹੈ, ਬਹੁਤ ਸਾਰੇ ਕਿਸਾਨ ਪਿਛਲੇ ਕਈ ਸਾਲਾਂ ਤੋ ਪਰਾਲੀ ਖੇਤ ਵਿੱਚ ਹੀ ਸਾਂਭ ਰਹੇ ਹਨ ਅਤੇ ਇਸ ਸੰਭਾਲ ਦੇ ਲਾਭ ਉਨ੍ਹਾਂ ਦੇ ਖੇਤ ਦੀ ਸਿਹਤ ਤੋਂ ਪ੍ਰਤੱਖ ਰੂਪ ਵਿਚ ਦਿਸਦੇ ਹਨ, ਪਰਾਲੀ ਨੂੰ ਸਾਂਭਣ ਨਾਲ ਜਿਥੇ ਖੇਤ ਵਿਚ ਖਾਦ ‘ਤੇ ਹੋਣ ਵਾਲਾ ਖਰਚਾ ਘਟਦਾ ਹੈ, ਉਥੇ ਮਿੱਤਰ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਕੀੜੇ ਮਾਰ ਦਵਾਈਆਂ ਦੀ ਸਪਰੇਅ ਦੀ ਜ਼ਰੂਰਤ ਘੱਟ ਪੈਂਦੀ ਹੈ। ਇਸ ਮੌਕੇ ਉਨ੍ਹਾਂ ਹੈਪੀ ਸੀਡਰ, ਸੁਪਰ ਸੀਡਰ ਤੇ ਮਲਚਰ ਵਰਗੀਆਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਅਜਿਹੇ ਸਾਧਨਾਂ ਦੀ ਵਰਤੋਂ ਕਰਕੇ ਪਰਾਲੀ ਦਾ ਸਹੀ ਪ੍ਰਬੰਧਨ ਕਰਨਾ ਬਹੁਤ ਹੀ ਸੁਖਾਲਾ ਹੋ ਸਕਦਾ ਹੈ।

ਕੈਂਪ ਦੌਰਾਨ ਡਾ. ਗਰਿਮਾ ਨੇ ਮਿੱਟੀ ਪਾਣੀ ਪਰਖ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਖਾਦਾਂ ਦੀ ਸੁੱਚਜੀ ਵਰਤੋਂ ਕਰਨ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸਰਕਲ ਇੰਚਾਰਜ ਧਰਵਿੰਦਰ ਸਿੰਘ, ਜੱਗੀ ਖਨੌੜਾ, ਚਰਨਪ੍ਰੀਤ ਸਿੰਘ, ਜਗਜੀਤ ਸਿੰਘ ਮੂੰਗੋਂ, ਬਲਕਾਰ ਸਿੰਘ ਸਮੇਤ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ ਮੌਜੂਦ ਸਨ।

ਕੈਪਸ਼ਨ : ਖੇਤੀ ਮਾਹਰ ਪਿੰਡ ਪਾਲੀਆ ਖੁਰਦ ਵਿਖੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਦੇ ਹੋਏ।

Spread the love