![KALIA KALIA](https://newsmakhani.com/wp-content/uploads/2021/10/57.jpg)
ਡੀਸੀ ਈਸ਼ਾ ਕਾਲੀਆ ਨੇ ਸਿਧਾਂਤਕ ਪ੍ਰਵਾਨਗੀ ਦਾ ਸਰਟੀਫਿਕੇਟ ਸੌਂਪਿਆ
ਮੋਹਾਲੀ, 1 ਅਕਤੂਬਰ 2021
ਕਾਰੋਬਾਰ ਕਰਨ ਵਿੱਚ ਅਸਾਨੀ ਦੀ ਦਿਸ਼ਾ ਵੱਲ ਅੱਗੇ ਵਧਦੇ ਹੋਏ ਓਰੀਐਂਟਲ ਫੋਮਰਸ ਪ੍ਰਾਈਵੇਟ ਲਿਮਟਿਡ ਦੇ ਮਾਲਕ ਗੌਤਮ ਜਿੰਦਲ ਅਤੇ ਫੀਲ ਆਰਗੈਨਿਕ ਦੇ ਮਾਲਕ ਦਵਿੰਦਰ ਕੁਮਾਰ ਧੀਰ ਨੂੰ ਆਪਣੇ ਕਾਰੋਬਾਰ ਸਥਾਪਤ ਕਰਨ ਲਈ “ਬਿਜ਼ਨੈਸ ਫਸਟ ਪੋਰਟਲ” ਰਾਹੀਂ ਫੌਰੀ ਸਾਰੀਆਂ ਜ਼ਰੂਰੀ ਪ੍ਰਵਾਨਗੀਆ ਮਿਲੀਆਂ।
ਹੋਰ ਪੜ੍ਹੋ :-ਸਰਕਾਰੀ ਨੋਕਰੀਆਂ ਦੀ ਤਿਆਰੀ ਲਈ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ
ਡਿਪਟੀ ਕਮਿਸ਼ਨਰ, ਮੋਹਾਲੀ ਸ਼੍ਰੀਮਤੀ ਈਸ਼ਾ ਕਾਲੀਆ ਨੇ ਸ਼ੁੱਕਰਵਾਰ ਨੂੰ ਗੌਤਮ ਜਿੰਦਲ ਅਤੇ ਦਵਿੰਦਰ ਕੁਮਾਰ ਧੀਰ ਨੂੰ ਐਸਏਐਸ ਨਗਰ ਜ਼ਿਲ੍ਹੇ ਵਿੱਚ ਕ੍ਰਮਵਾਰ ਪੀਯੂ ਫੋਮ ਸ਼ੀਟ, ਕੁਸ਼ਨ ਮੈਟਰੈਸ ਅਤੇ ਫਾਰਮਲਡੀਹਾਈਡ ਕੈਮੀਕਲ ਯੂਨਿਟ ਸਥਾਪਤ ਕਰਨ ਲਈ ਪੰਜਾਬ ਰਾਈਟ ਟੂ ਬਿਜ਼ਨਸ ਐਕਟ 2020 ਅਧੀਨ ਸਿਧਾਂਤਕ ਪ੍ਰਵਾਨਗੀ ਜਾਰੀ ਕੀਤੀ। ਇਸ ਐਕਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਐਕਟ ਤਹਿਤ ਨਵਾਂ ਉਦਯੋਗ ਸਥਾਪਤ ਕਰਨ ਨਾਲ ਸਬੰਧਤ ਸਾਰੇ ਐਨਓਸੀਜ਼’ ਬਿਜ਼ਨੈਸ ਫਸਟ ਪੋਰਟਲ ‘ਤੇ ਅਰਜ਼ੀ ਜਮ੍ਹਾਂ ਕਰਾਉਣ ਦੇ ਬਾਅਦ 15 ਕੰਮਕਾਜੀ ਦਿਨਾਂ ਵਿੱਚ ਮਿਲ ਜਾਂਦੇ ਹਨ।
ਨਵੇਂ ਕਾਰੋਬਾਰ ਦੀ ਸ਼ੁਰੂਆਤ ਨਾਲ ਸਬੰਧਤ ਸਾਰੀਆਂ ਰਸਮਾਂ ਅਤੇ ਐਨਓਸੀ ਰਿਕਾਰਡ ਸਮੇਂ ਵਿੱਚ ਇਸ ਇੱਕ ਮਾਧਿਅਮ ਰਾਹੀਂ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ ਨੇ ਇਹ ਨਵੀਂ ਪਹਿਲ ਰਾਜ ਵਿੱਚ ਕਾਰੋਬਾਰ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਲੋੜੀਂਦੀਆਂ ਪ੍ਰਵਾਨਗੀਆਂ ਨੂੰ ਆਸਾਨ ਬਣਾਉਣ ਲਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੌਤਮ ਜਿੰਦਲ ਅਤੇ ਦਵਿੰਦਰ ਕੁਮਾਰ ਧੀਰ ਜ਼ਿਲ੍ਹਾ ਮੁਹਾਲੀ ਦੇ 15ਵੇਂ ਅਤੇ 16ਵੇਂ ਉੱਦਮੀ ਬਣ ਗਏ ਹਨ, ਜਿਨ੍ਹਾਂ ਨੂੰ ਆਨਲਾਈਨ ਅਰਜ਼ੀ ਦਾਖਲ ਕਰਨ ਤੋਂ ਬਾਅਦ 15 ਕੰਮਕਾਜੀ ਦਿਨਾਂ ਦੇ ਅੰਦਰ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ ਹਨ।
ਡਿਪਟੀ ਕਮਿਸ਼ਨਰ ਤੋਂ ਸਿੰਗਲ ਵਿੰਡੋ ਸਿਸਟਮ ‘ਬਿਜ਼ਨੈੱਸ ਫਸਟ ਪੋਰਟਲ’ ਅਧੀਨ ਪ੍ਰਵਾਨਗੀ ਦਾ ਪ੍ਰਮਾਣ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹੋਏ ਇਨ੍ਹਾਂ ਲਾਭਪਾਤਰੀਆਂ ਨੇ ਕਿਹਾ ਕਿ ਬਿਨਾਂ ਕਿਸੇ ਮੁਸ਼ਕਲ ਦੇ ਬਿਨੈ ਪੱਤਰ ਦਾਖਲ ਕਰਨ ਦੇ 13 ਕੰਮਕਾਜੀ ਦਿਨਾਂ ਦੇ ਅੰਦਰ ਸਾਰੀਆਂ ਮਨਜ਼ੂਰੀਆਂ ਮਿਲਣੀਆਂ ਇਕ ਸੁਪਨੇ ਦੇ ਸੱਚ ਹੋਣ ਵਰਗਾ ਸੀ। ਡਿਪਟੀ ਕਮਿਸ਼ਨਰ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੀ ਪਹਿਲਕਦਮੀ ‘ਪੰਜਾਬ ਰਾਈਟ ਟੂ ਬਿਜ਼ਨੈਸ ਐਕਟ -2020’ ਦੇ ਸਫਲਤਾਪੂਰਵਕ ਲਾਗੂ ਹੋਣ ਨਾਲ ਰਾਜ ਵਿੱਚ ਕਾਰੋਬਾਰ ਨੂੰ ਹੁਲਾਰਾ ਮਿਲੇਗਾ।
ਸ੍ਰੀਮਤੀ ਈਸ਼ਾ ਕਾਲੀਆ ਨੇ ਅੱਗੇ ਕਿਹਾ ਕਿ ਉਦਯੋਗਪਤੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਉਦਯੋਗਾਂ ਨੂੰ ਹੁਲਾਰਾ ਦੇਣ ਅਤੇ ਨਵੇਂ ਉੱਦਮੀਆਂ ਨੂੰ ਰਿਆਇਤਾਂ ਦੇਣ ਲਈ ਬਣਾਈਆਂ ਜਾ ਰਹੀਆਂ ਸਕਾਰਾਤਮਕ ਨੀਤੀਆਂ ਤੋਂ ਖੀਵੇ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਿਆ ਹੈ ਅਤੇ ਹੁਣ ਉਦਯੋਗਿਕ ਕ੍ਰਾਂਤੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ।