ਡਿਪਟੀ ਕਮਿਸ਼ਨਰ ਵੱਲੋਂ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣ ਦੀਆਂ ਹਦਾਇਤਾਂ ਜਾਰੀ
ਪਟਿਆਲਾ, 4 ਅਕਤੂਬਰ 2021
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣ ਲਈ ਮਾਰਕਿਟ ਕਮੇਟੀ ਪੱਧਰ ‘ਤੇ ਉੱਡਣ ਦਸਤੇ ਕਾਇਮ ਕੀਤੇ ਹਨ, ਜੋ ਰੋਜ਼ਾਨਾ ਦੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮਾਂ ਕਰਵਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਕਿਸਾਨਾਂ ਦੀਆਂ ਹਿੱਤਾਂ ਦੀ ਰਾਖੀ ਲਈ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਝੋਨਾ ‘ਤੇ ਨਿਗਾਹ ਰੱਖਣ ਲਈ ਪਟਿਆਲਾ ਜ਼ਿਲ੍ਹੇ ਦੀਆਂ 9 ਮਾਰਕਿਟ ਕਮੇਟੀਆਂ ‘ਚ ਤਹਿਸੀਲਦਾਰ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ‘ਚ ਮੰਡੀ ਬੋਰਡ, ਜੀ.ਐਸ.ਟੀ./ਕਰ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ, ਜੋ ਮਾਰਕਿਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ‘ਚ ਗੈਰ ਕਾਨੂੰਨੀ ਤਰੀਕੇ ਜਾ ਫੇਰ ਦੂਸਰੇ ਰਾਜਾਂ ਤੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣਗੀਆਂ ਤੇ ਇਸ ਸਬੰਧੀ ਰੋਜ਼ਾਨਾ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭੇਜਣਗੀਆਂ।
ਉਨ੍ਹਾਂ ਦੱਸਿਆ ਕਿ ਪਟਿਆਲਾ ਮਾਰਕਿਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ‘ਚ ਤਹਿਸੀਲਦਾਰ ਪਟਿਆਲਾ ਹਰਮਿੰਦਰ ਸਿੰਘ, ਰਾਜਪੁਰਾ ‘ਚ ਤਹਿਸੀਲਦਾਰ ਰਮਨਦੀਪ ਕੌਰ, ਘਨੌਰ ‘ਚ ਨਾਇਬ ਤਹਿਸੀਲਦਾਰ ਗੌਰਵ ਬਾਂਸਲ, ਦੁਧਨਸਾਧਾਂ ਮਾਰਕਿਟ ਕਮੇਟੀ ‘ਚ ਤਹਿਸੀਲਦਾਰ ਸਰਬਜੀਤ ਸਿੰਘ, ਡਕਾਲਾ ਮਾਰਕਿਟ ਕਮੇਟੀ ਦੇ ਅਧੀਨ ਪੈਂਦੀਆਂ ਮੰਡੀਆਂ ‘ਚ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਸਮਾਣਾ ‘ਚ ਤਹਿਸੀਲਦਾਰ ਗੁਰਲੀਨ ਕੌਰ, ਪਾਤੜ੍ਹਾਂ ‘ਚ ਨਾਇਬ ਤਹਿਸੀਲਦਾਰ ਰਾਮ ਲਾਲ, ਨਾਭਾ ‘ਚ ਤਹਿਸੀਲਦਾਰ ਸੁਖਜਿੰਦਰ ਸਿੰਘ ਤੇ ਭਾਦਸੋਂ ‘ਚ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਮਾਰਕਿਟ ਕਮੇਟੀਆਂ ਅਧੀਨ ਪੈਂਦੀਆਂ ਮੰਡੀਆਂ ‘ਚ ਆਪਣੀ ਟੀਮ ਸਮੇਤ ਬਾਹਰੋਂ ਆਉਣ ਵਾਲੇ ਝੋਨੇ ‘ਤੇ ਨਿਗਾਹ ਰੱਖਣਗੇ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮੰਡੀਆਂ ‘ਚ ਜੇ ਕੋਈ ਆੜ੍ਹਤੀਆਂ ਜਾ ਸ਼ੈਲਰ ਮਾਲਕ ਪੰਜਾਬ ਤੋਂ ਬਾਹਰੋਂ ਆਏ ਝੋਨੇ ਦੀ ਖਰੀਦ ਦੇ ਗੈਰ ਕਾਨੂੰਨੀ ਕਾਰੋਬਾਰ ‘ਚ ਲਿਪਤ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।