• ਮਾਲ, ਪੁੱਡਾ ਅਤੇ ਮਿਊਂਸਪਲ ਟਾਊਨ ਪਲਾਨਿੰਗ ਦੇ ਅਧਿਕਾਰੀ ਹੋਣਗੇ ਕਮੇਟੀ ਵਿੱਚ
• ਲਾਭਪਾਤਰੀਆਂ ਦਾ ਪਤਾ ਲਾਉਣ ਲਈ ਸਰਵੇਖਣ ਦੋ ਹਫ਼ਤਿਆਂ ਵਿੱਚ ਪੂਰਾ ਹੋਣਾ ਚਾਹੀਦਾ ਹੈ; ਡੀਸੀ ਨੇ ਕੀਤੀ ਹਦਾਇਤ
ਮੋਹਾਲੀ, 6 ਅਕਤੂਬਰ 2021
ਬਸੇਰਾ ਸਕੀਮ ਅਧੀਨ ਜ਼ਿਲ੍ਹੇ ਵਿੱਚ ਝੁੱਗੀ -ਝੌਂਪੜੀ ਵਾਲਿਆਂ ਨੂੰ ਜ਼ਮੀਨ ਦੇ ਮਾਲਕੀ ਅਧਿਕਾਰ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਦੀਵਾਲੀ ਤੋਂ ਪਹਿਲਾਂ ਝੁੱਗੀ ਝੌਂਪੜੀ ਵਾਲਿਆਂ ਨੂੰ ਇਹ ਅਧਿਕਾਰ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ।
ਐਸ.ਏ.ਆਰ.ਆਰ.ਸੀ. ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਜ਼ਮੀਨ ਦੀ ਮਾਲਕੀ ਸਥਾਪਤ ਕਰਨ ਲਈ ਮਾਲ, ਪੁੱਡਾ ਅਤੇ ਐਮਟੀਪੀ (ਮਿਊਂਸਪਲ ਟਾਊਨ ਪਲੈਨਿੰਗ) ਦੇ ਅਧਿਕਾਰੀਆਂ ਦੀ ਇਕ ਕਮੇਟੀ ਦਾ ਪ੍ਰਸਤਾਵ ਦਿੱਤਾ ਹੈ ਤਾਂ ਜੋ ਮਾਲਕੀ ਅਧਿਕਾਰਾਂ ਦੇ ਤਬਾਦਲੇ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਇਹ ਟੀਮ ਸਟੀਕਤਾ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਅਤੇ ਆਧੁਨਿਕ ਉਪਕਰਣਾਂ ਜਿਵੇਂ ਕਿ ਡਰੋਨ ਅਤੇ ਹੋਰ ਮਸ਼ੀਨਰੀ ਦੀ ਵਰਤੋਂ ਨਾਲ ਕੁੱਲ ਨਿਵਾਸ ਇਕਾਈਆਂ ਅਤੇ ਉਨ੍ਹਾਂ ਦੇ ਖੇਤਰ ਨੂੰ ਨਿਰਧਾਰਤ ਕਰਗੀ।
ਸ੍ਰੀਮਤੀ ਕਾਲੀਆ ਨੇ ਕਿਹਾ ਕਿ ਲਾਭਪਾਤਰੀਆਂ ਦੇ ਸਰਵੇਖਣ ਦੀ ਪ੍ਰਕਿਰਿਆ ਦੋ ਹਫ਼ਤਿਆਂ ਵਿੱਚ ਮੁਕੰਮਲ ਹੋਣੀ ਚਾਹੀਦੀ ਹੈ ਤਾਂ ਜੋ ਸੂਚੀਆਂ ਅਤੇ ਇਤਰਾਜ਼ਾਂ ਦੇ ਪ੍ਰਕਾਸ਼ਨ ਬਾਰੇ ਪ੍ਰਕਿਰਿਆ ਸਮੇਂ ਸਿਰ ਨੇਪਰੇ ਚਾੜ੍ਹੀ ਜਾ ਸਕੇ। ਉਨ੍ਹਾਂ ਵੱਖ ਵੱਖ ਮਿਊਂਸੀਪੈਲਟੀਆਂ ਵੱਲੋਂ ਯੋਜਨਾ ਤਹਿਤ ਹੁਣ ਤੱਕ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਲੱਮ ਵਿਕਾਸ ਪ੍ਰੋਗਰਾਮ-ਬੇਸਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਦਿ ਪੰਜਾਬ ਸਲੱਮ ਡਵੈਲਰਜ਼ (ਮਲਕੀਅਤ ਅਧਿਕਾਰ) ਐਕਟ, 2020 ‘, ਭਾਵ, 1 ਅਪ੍ਰੈਲ 2020. ਇਸ ਐਕਟ ਦੇ ਅਨੁਸਾਰ, ਝੁੱਗੀ ਝੌਂਪੜੀ ਵਾਲਿਆਂ ਨੂੰ ਨਗਰ ਨਿਗਮਾਂ ਵਿੱਚ ਵੱਧ ਤੋਂ ਵੱਧ 30 ਵਰਗ ਮੀਟਰ, ਨਗਰ ਕੌਂਸਲਾਂ ਵਿੱਚ 45 ਵਰਗ ਮੀਟਰ ਅਤੇ ਨਗਰ ਪੰਚਾਇਤ ਖੇਤਰ ਵਿੱਚ 60 ਵਰਗ ਮੀਟਰ ਤੱਕ ਜ਼ਮੀਨ ਦੇ ਮਾਲਕੀ ਅਧਿਕਾਰ ਦਿੱਤੇ ਜਾਣੇ ਹਨ।
ਮੀਟਿੰਗ ਦੌਰਾਨ ਏਡੀਸੀ (ਸ਼ਹਿਰੀ ਵਿਕਾਸ) ਪੂਜਾ ਗਰੇਵਾਲ, ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ, ਐਸਡੀਐਮ ਮੁਹਾਲੀ ਹਰਬੰਸ ਸਿੰਘ ਅਤੇ ਤਹਿਸੀਲਦਾਰ ਵਿਕਾਸ ਸ਼ਰਮਾ ਸ਼ਾਮਲ ਸਨ।