ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ, ਨੁੱਕੜ ਨਾਟਕ ਅਤੇ ਸੈਮੀਨਾਰਾਂ ਦਾ ਆਯੋਜਨ

ਆਜ਼ਾਦੀ
ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ, ਨੁੱਕੜ ਨਾਟਕ ਅਤੇ ਸੈਮੀਨਾਰਾਂ ਦਾ ਆਯੋਜਨ

ਬਰਨਾਲਾ, 8 ਅਕਤੂਬਰ 2021

ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਵੱਲੋਂ ਨਾਲਸਾ-ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਤੇ ਕਾਨੂੰਨੀ ਸੇਵਾਵਾਂ ਹਫ਼ਤੇ ਦੀ ਸ਼ੁਰੂਆਤ ਮਿਤੀ 2 ਅਕਤੂਬਰ ਤੋਂ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਨਾਲ ਕੀਤੀ ਗਈ ਸੀ।

ਹੋਰ ਪੜ੍ਹੋ :-ਜ਼ਿਲ੍ਹੇ ਦੀਆਂ ਮੰਡੀਆਂ ‘ਚ 55,263 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ-ਸੰਦੀਪ ਹੰਸ

ਜਿਸ ਤਹਿਤ ਅੱਜ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੀ ਅਗਵਾਈ ਹੇਠ ਇਸ ਮੁਹਿੰਮ ਅਧੀਨ ਹੰਡਿਆਇਆ ਬਜ਼ਾਰ ਵਿਖੇ ਪੈਦਲ ਮਾਰਚ ਕੀਤਾ ਗਿਆ ਅਤੇ ਰਸਤੇ ਵਿੱਚ ਸੜਕ ਉੱਪਰ ਪਏ ਪਲਾਸਟਿਕ ਦੇ ਕੂੜੇ ਕਰਕਟ ਨੂੰ ਇਕੱਠਾ ਕੀਤਾ ਗਿਆ। ਇਸ ਮੌਕੇ ਸ਼੍ਰੀ ਬਰਜਿੰਦਰ ਪਾਲ ਸਿੰਘ, ਮਾਨਯੋਗ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਬਰਨਾਲਾ ਅਤੇ ਹੋਰ ਜੁਡੀਸ਼ੀਅਲ ਅਫ਼ਸਰ, ਯੂਥ ਸਰਵਿਸਿਜ਼ ਬਰਨਾਲਾ ਤੋਂ ਸ਼੍ਰੀ ਵਿਜੇ ਭਾਸਕਰ ਅਤੇ ਨਹਿਰੂ ਯੁਵਾ ਕੇਂਦਰ ਤੋਂ ਮੈਡਮ ਓਮਕਾਰ ਸਵਾਮੀ ਹਾਜ਼ਰ ਸਨ। ਰਸਤੇ ਵਿੱਚ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਦੁਕਾਨਦਾਰਾਂ, ਫ਼ਲ ਅਤੇ ਸਬਜ਼ੀ ਵਿਕਰੇਤਾ ਆਦਿ ਨੂੰ ਪਲਾਸਟਿਕ ਦੇ ਲਿਫਾਫਿਆ ਦੀ ਵਰਤੋਂ ਨਾ ਕਰਨ ਲਈ ਕਿਹਾ ਅਤੇ ਨਾਲ ਹੀ ਅਪੀਲ ਕੀਤੀ ਕਿ ਜਦੋ ਉਨ੍ਹਾਂ ਦੀ ਦੁਕਾਨ ਤੇ ਕੋਈ ਗਾਹਕ ਆਉਂਦਾ ਹੈ, ਤਾਂ ਉਹ ਉਸ ਗਾਹਕ ਨੂੰ ਆਪਣੇ ਘਰੋਂ ਕੱਪੜੇ ਦਾ ਥੈਲਾ ਲੈ ਕੇ ਆਉਣ ਲਈ ਕਹਿਣ ਤਾਂ ਜੋ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕੀਤੀ ਜਾਵੇ। ਭਵਿੱਖ ਵਿੱਚ ਥੈਲਾ ਲਿਆਉਣ ਬਦਲੇ ਗਾਹਕ ਨੂੰ ਵਸਤੂ ਦੀ ਕੀਮਤ ਵਿੱਚ ਕੋਈ ਰਿਆਇਤ ਕੀਤੀ ਜਾਵੇ।

ਉਨ੍ਹਾਂ ਵੱਲੋਂ ਮੈਡੀਕਲ ਸਟੋਰ ਵਾਲਿਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਲਿਫ਼ਾਫੇ ਦੀ ਜਗ੍ਹਾ ਕਾਗਜ਼ ਦਾ ਲਿਫ਼ਾਫਾ ਵਰਤੋਂ ਵਿੱਚ ਲਿਆਂਦਾ ਜਾਵੇ। ਇਸ ਤੋਂ ਇਲਾਵਾਂ ਦੁਕਾਨਦਾਰਾਂ ਨੂੰ ਰੋਟਰੀ ਕਲੱਬ, ਲਾਇਨਜ਼ ਕਲੱਬ ਅਤੇ ਸਾਂਝਾ ਆਸਰਾ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਲਿਫ਼ਾਫੇ ਵੀ ਵੰਡੇ ਗਏ। ਇਸ ਮੁਹਿੰਮ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਵਿੱਚ ਮਿਲਿਆ ਅਤੇ ਦੁਕਾਨਦਾਰਾਂ ਅਤੇ ਹੋਰ ਵਿਕਰੇਤਾਵਾਂ ਵੱਲੋਂ ਪਲਾਸਟਿਕ ਦੀ ਲਿਫ਼ਾਫਿਆ/ਬੈਗ ਦੀ ਵਰਤੋਂ ਨਾ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਐੱਨ.ਐੱਸ.ਐੱਸ. ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਨ ਸਬੰਧੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਾਲ ਹੀ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਵੀ ਜਾਗਰੂਕ ਕਰਨ।

ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਅਤੇ ਨਸ਼ਿਆ ਦੀ ਦੁਰਵਰਤੋਂ ਦੇ ਵਿਸ਼ਿਆ ਤੇ ਨੁੱਕੜ ਨਾਟਕਾਂ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਲੜਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਲਾ ਵਿਖੇ ਪੈਨਲ ਵਕੀਲ ਸ਼੍ਰੀ ਤਜਿੰਦਰ ਸਿੰਘ ਅਤੇ ਸ਼੍ਰੀ ਬਲਜੀਤ ਸਿੰਘ ਵੱਲੋਂ ਵਿਦਿਆਰਥੀਆਂ ਲਈ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ।

ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗਰੀਬ ਅਤੇ ਪਿੱਛੜੇ ਵਰਗ ਦੇ ਲੋਕਾਂ ਨੂੰ ਕਾਨੂੰਨੀ ਹੱਕ, ਇਸਤਰੀਆਂ, ਬੱਚੇ, ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਜੇਲ੍ਹਾਂ ਵਿੱਚ ਬੰਦ ਹਵਾਲਾਤੀ ਅਤੇ ਕੈਦੀ ਜਾਂ ਹਿਰਾਸਤ ਵਿੱਚ ਵਿਅਕਤੀ ਅਤੇ ਹਰ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਘੱਟ ਹੈ, ਬੇਗਾਰ ਦੇ ਮਾਰਿਆ, ਮਾਨਸਿਕ ਰੋਗੀ/ਅਪੰਗ, ਕੁਦਰਤੀ ਆਫਤਾਂ ਦੇ ਮਾਰੇ ਆਦਿ ਆਪਣੇ ਕੇਸ ਦੀ ਪੈਰਵੀ ਕਰਨ ਲਈ ਵਕੀਲ ਸਹਿਬਾਨਾਂ ਦੀਆਂ ਮੁਫਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਅਤੇ ਇਨ੍ਹਾਂ ਦੀ ਪ੍ਰਾਪਤੀ ਲਈ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਦਫ਼ਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਪਹੁੰਚ ਸਕਦੇ ਹਨ ਜਾਂ ਦਫ਼ਤਰ ਦੇ ਫੋਨ ਨੰਬਰ 01679243522 ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕਰ ਸਕਦੇ ਹਨ।

 

Spread the love