ਕੋਰੋਨਾ ਦੇ ਲੱਛਣ ਸਾਹਮਣੇ ਆਉਣ ’ਤੇ ਲੋਕ ਤਰੁੰਤ ਆਪਣਾ ਟੈਸਟ ਕਰਵਾਉਣ-ਡਿਪਟੀ ਕਮਿਸ਼ਨਰ

DC Tarantaran
ਤਰਨ ਤਾਰਨ, 10 ਸਤੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਲੱਛਣਾਂ ਨੂੰ ਹਲਕੇ ਵਿੱਚ ਨਾ ਲੈਣ ਅਤੇ ਜਦੋਂ ਵੀ ਇਸ ਬਿਮਾਰੀ ਸਬੰਧੀ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਕੋਵਿਡ ਟੈਸਟ ਕਰਵਾਉਣ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਲੋਕਾਂ ਵਲੋਂ ਦੇਰੀ ਨਾਲ ਡਾਕਟਰ ਨਾਲ ਸੰਪਰਕ ਕੀਤਾ ਜਾਂਦਾ ਹੈ, ਤਾਂ ਉਨਾਂ ਦੀ ਹਾਲਤ ਬਹੁਤ ਵਿਗੜ ਜਾਂਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪਾਸ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਫੰਡਾਂ ਅਤੇ ਸਾਧਨਾਂ ਦੀ ਕੋਈ ਘਾਟ ਨਹੀਂ ਹੈ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿੱਚ ਮਨੁੱਖੀ ਅੰਗਾਂ ਦੀ ਤਸਕਰੀ ਅਤੇ ਮਨਾਫ਼ਾਖੋਰੀ ਸਬੰਧੀ ਗ਼ਲਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਸਰਗਰਮ ਮਰੀਜ਼ਾਂ ਅਤੇ ਘਰਾਂ ਵਿੱਚ ਇਕਾਂਤਵਾਸ ਹੋਏ ਲੋਕਾਂ ਨੂੰ 50,000 ਮੁਫ਼ਤ ਕੋਵਿਡ ਕੇਅਰ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇਨਾਂ ਕਿੱਟਾਂ ਵਿੱਚ ਔਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜਰੂਰੀ ਦਵਾਈਆਂ ਮੌਜੂਦ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਕਿੱਟਾਂ ਮਿਲਣ ’ਤੇ ਜ਼ਿਲ੍ਹਾ ਤਰਨ ਤਾਰਨ ਦੇ ਮਰੀਜ਼ਾਂ ਨੂੰ ਵੀ ਵੰਡੀਆਂ ਜਾਣਗੀਆਂ।
Spread the love