ਮੋਹਾਲੀ 28 ਅਕਤੂਬਰ 2021
ਉਚੇਰੀ ਸਿੱਖਿਆ, ਸਕੂਲ ਸਿੱਖਿਆ, ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਜਲਦੀ ਹੀ ਸਿੱਖਿਆ ਰੈਗੂਲੇਟਰੀ ਅਥਾਰਟੀ ਬਣਾਏਗਾ।
ਹੋਰ ਪੜ੍ਹੋ :-ਭਾਸ਼ਾ ਵਿਭਾਗ ਪੰਜਾਬੀ ਸਾਹਿਤ ਸਿਰਜਨ ਮੁਕਾਬਲੇ ਅਤੇ ਕਵਿਤਾ ਗਾਇਨ ਮੁਕਾਬਲਾ ਕਰਵਾਇਆ
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ `ਉਚੇਰੀ ਸਿੱਖਿਆ ਦੀ ਭੂਮਿਕਾ` ਵਿਸ਼ੇ `ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਅਕਾਦਮਿਕ-ਉਦਯੋਗ ਇੰਟਰਫੇਸ ਦੀ ਫੌਰੀ ਲੋੜ ਹੈ ਕਿ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਤੋਂ ਪਾਸ ਆਊਟ ਹੋਣ ਵਾਲੇ ਵਿਦਿਆਰਥੀ ਪਾਸ ਆਊਟ ਹੋਣ `ਤੇ ਰੁਜ਼ਗਾਰ ਪ੍ਰਾਪਤ ਕਰ ਸਕਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਪਰਵਾਸ ਨੂੰ ਰੋਕਣ ਲਈ ਸਿੱਖਿਆ ਨੂੰ ਕਿਫਾਇਤੀ ਬਣਾਉਣ ਦੀ ਫੌਰੀ ਲੋੜ ਹੈ। ਸਿੱਖਿਆ ਦੇ ਦਿਨੋ-ਦਿਨ ਮਹਿੰਗੇ ਹੋਣ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਧੁਰੇ ਵਿਕਸਤ ਕਰਨ ਦੀ ਲੋੜ ਹੈ ਜਿੱਥੇ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਗਿਆਨ ਦੀ ਸਾਂਝ ਦੇ ਆਧਾਰ `ਤੇ ਸਹੂਲਤਾਂ ਉਪਲਬਧ ਹੋਣ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਪਰਵਾਸ ਨੂੰ ਰੋਕਣ ਲਈ ਸਿੱਖਿਆ ਨੂੰ ਹੋਰ ਕਿਫਾਇਤੀ ਬਣਾਉਣ ਦੀ ਵੀ ਲੋੜ ਹੈ। ਮੰਤਰੀ ਨੇ ਕਿਹਾ ਕਿ ਪਾਠਕ੍ਰਮ ਦੇ ਹਿੱਸੇ ਵਜੋਂ ਕਾਰਜ-ਖੇਤਰ ਹੁਨਰ, ਸਾਫ਼ਟ ਸਕਿੱਲ ਅਤੇ ਇੰਡਸਟਰੀ-ਇੰਟਰਫੇਸ `ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਅੰਤਰਰਾਸ਼ਟਰੀ ਨਜ਼ਰੀਏੇ ਨਾਲ ਉੱਦਮੀ ਹੁਨਰ ਵਿਕਾਸ `ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਯੂਨੀਵਰਸਿਟੀਆਂ ਨੂੰ ਉਦਯੋਗ ਦੇ ਆਗੂਆਂ ਨਾਲ ਸਾਂਝੇਦਾਰੀ ਜ਼ਰੀਏ ਸਬੰਧਤ ਖੇਤਰਾਂ ਵਿੱਚ ਚੋਣਵੇਂ ਕੋਰਸ ਸ਼ੁਰੂ ਕਰਨੇ ਚਾਹੀਦੇ ਹਨ ਤਾਂ ਜੋ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਰੁਜ਼ਗਾਰ ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਵਧਾਇਆ ਜਾ ਸਕੇ।
ਪਰਗਟ ਸਿੰਘ ਨੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਦੀ ਸ਼ਲਾਘਾ ਕੀਤੀ ਜੋ ਪਿਛਲੇ ਸਾਲਾਂ ਦੌਰਾਨ ਦੇਸ਼ ਦੇ ਇਸ ਹਿੱਸੇ ਵਿੱਚ ਮੋਹਰੀ ਵਿੱਦਿਅਕ ਹੱਬ ਬਣ ਗਿਆ ਹੈ।ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਅਤੇ ਸ਼੍ਰੀਨਿਵਾਸ ਵੀ ਮੌਜੂਦ ਸਨ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਮਜ਼ਬੂਤ ਉਦਯੋਗਿਕ ਸਹਿਯੋਗ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਨੇ ਦੇਸ਼ ਭਰ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਵਿਦਿਆਰਥੀਆਂ ਨੂੰ ਆਕਰਸ਼ਿਤ ਕੀਤਾ ਹੈ।
ਬਾਹਰਾ ਨੇ ਕਿਹਾ ਕਿ ਯੂਨੀਵਰਸਿਟੀ ਇੰਜੀਨੀਅਰਿੰਗ ਅਤੇ ਤਕਨਾਲੋਜੀ, ਵਪਾਰ, ਯੋਜਨਾ ਅਤੇ ਆਰਕੀਟੈਕਚਰ, ਕਲਾ ਅਤੇ ਡਿਜ਼ਾਈਨ, ਜਨ ਸੰਚਾਰ, ਸੇਲਜ਼ ਐਂਡ ਮਾਰਕੀਟਿੰਗ, ਹੌਸਪਿਟੈਲਿਟੀ ਮੈਨੇਜ਼ਮੈਂਟ, ਫਾਰਮੇਸੀ, ਸਿਹਤ ਵਿਗਿਆਨ ਅਤੇ ਸਿੱਖਿਆ ਦੇ ਕੋਰਸ ਪੇਸ਼ ਕਰਦੀ ਹੈ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਲਈ ਗੂਗਲ, ਐਪਲ, ਆਈਬੀਐਮ ਅਤੇ ਟੀਡੀਐਸ ਗਰੁੱਪ ਵਰਗੀਆਂ ਹੋਰ ਅੰਤਰਰਾਸ਼ਟਰੀ ਕੰਪਨੀਆਂ ਨਾਲ ਵੀ ਸਮਝੌਤਾ ਕੀਤਾ ਹੈ, ਜਿਸ ਨਾਲ ਨਵੇਂ ਕੋਰਸਾਂ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਮਾਮਲੇ ਵਿੱਚ ਪਹਿਲ ਮਿਲੇਗੀ।ਇਸ ਮੌਕੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸਿ਼ਤ ਨੇ ਵੀ ਆਪਣੇ ਵਿਚਾਰ ਰੱਖੇ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਵਿੱਚ ਅੰਦਰੂਨੀ ਮਨੁੱਖੀ ਯੋਗਤਾਵਾਂ ਨੂੰ ਵਿਕਸਤ ਕਰਦਿਆਂ ਜਾਬ ਮਾਰਕੀਟ ਲਈ ਹੁਨਰਮੰਦ ਮਾਨਵੀ ਸਰੋਤ ਪ੍ਰਦਾਨ ਕਰਕੇ ਇੱਕ ਮਾਪਦੰਡ ਸਥਾਪਤ ਕੀਤਾ ਹੈ ਜੋ ਕਿ ਵੱਡੇ ਪੱਰ `ਤੇ ਗਿਆਨ ਦੀ ਤਰੱਕੀ ਵਿੱਚ ਯੋਗਦਾਨ ਪਾਵੇਗਾ।
ਇਸ ਮੌਕੇ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ।