ਖੇਤੀ ਸੰਦਾਂ ‘ਤੇ ਦਿੱਤੀ ਜਾਂਦੀ ਸਬਸਿਡੀ ਬਾਰੇ ਦਿੱਤੀ ਜਾਣਕਾਰੀ

Farmer traning camp

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਸਿਹਤ ‘ਤੇ ਹੁੰਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
ਪਟਿਆਲਾ, 11 ਸਤੰਬਰ:
ਪੰਜਾਬ ਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਸਹਿਕਾਰੀ ਸਭਾਵਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਸਿਹਤ ‘ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਪਿੰਡ ਨੈਨ ਖ਼ੁਰਦ, ਜਲਖੇੜਾ, ਬਿਸ਼ਨ ਨਗਰ ਕੋਟਲਾ, ਸੰਪੂਰਗੜ੍ਹ, ਹਾਜੀਪੁਰ, ਜਪਰਾਹੜ, ਫ਼ਰਦੀਪੁਰ, ਕਛਵੀ ਅਤੇ ਜਲਵੇੜਾ ਪਿੰਡਾਂ ਦੀਆਂ ਖੇਤੀਬਾੜੀ ਸਭਾਵਾਂ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ। ਜਿਸ ਵਿੱਚ ਵੱਡੀ ਗਿਣਤੀ ਕਿਸਾਨ, ਖੇਤੀਬਾੜੀ ਸਭਾਵਾਂ ਦੇ ਸਕੱਤਰ ਅਤੇ ਮੈਂਬਰ ਸ਼ਾਮਲ ਹੋਏ।
ਕੈਂਪ ਬਾਰੇ ਜਾਣਕਾਰੀ ਦਿੰਦਿਆ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਸਰਬੇਸ਼ਵਰ ਸਿੰਘ ਮੋਹੀ ਨੇ ਦੱਸਿਆ ਕਿ ਜਾਗਰੂਕ ਕੈਂਪ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਲੋਕਾਂ ਨੂੰ ਫ਼ਸਲਾਂ ਦੀ ਰਹਿੰਦ ਖੁੰਹਦ ਤੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਮੈਂਬਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਕਣਕ ਦੇ ਨਾੜ ਤੇ ਜੀਰੀ ਦੀ ਪਰਾਲੀ ਸਾੜੇ ਜਾਣ ਨਾਲ ਹਵਾ ‘ਚ ਪ੍ਰਦੂਸ਼ਣ ਦੀ ਮਾਤਰਾ ਵੱਧ ਜਾਣ ਕਰਕੇ ਲੋਕ ਬਿਮਾਰੀਆਂ ਦੇ ਸ਼ਿਕਾਰ ਤਾਂ ਹੁੰਦੇ ਹੀ ਹਨ ਸਗੋਂ ਵਾਤਾਵਰਣ ਦੇ ਖਰਾਬ ਹੋਣ ਨਾਲ ਜੀਵ ਜੰਤੂ ਤੇ ਪਸ਼ੂ ਪੰਛੀ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੇ ਹਨ। ਜਦੋਂ ਕਿ ਇਸ ਦਾ ਸਭ ਤੋਂ ਬੁਰਾ ਪ੍ਰਭਾਵ ਜਮੀਨ ਦੀ ਉਪਜਾਊ ਸ਼ਕਤੀ ‘ਤੇ ਪੈਂਦਾ ਹੈ, ਕਿਉਂਕਿ ਇਸ ਨਾਲ ਮਿੱਤਰ ਕੀੜੇ ਮਾਰੇ ਜਾਂਦੇ ਹਨ।
ਸ. ਸਰਬੇਸ਼ਵਰ ਸਿੰਘ ਮੋਹੀ ਨੇ ਦੱਸਿਆ ਕਿ ਇਸ ਮੌਕੇ ਸਹਿਕਾਰਤਾ ਵਿਭਾਗ ਵੱਲੋਂਸਹਿਕਾਰੀਸਭਾਵਾਂ ਦੇ ਅਹੁਦੇਦਾਰਾਂ ਸਮੇਤ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਖੇਤੀਬਾੜੀ ਸੰਦ ਸਭਾਵਾਂ ਰਾਹੀਂ ਸਬਸਿਡੀ ‘ਤੇ ਖ੍ਰੀਦਣ ਤਾਂ ਜੋ ਇਨ੍ਹਾਂ ਦੇ ਮੈਂਬਰਾਂ ਦੇ ਖੇਤੀ ਖਰਚੇ ਘਟਣ ਤੇ ਇਨ੍ਹਾਂ ਦਾ ਆਰਥਿਕ ਲਾਭ ਹੋਵੇ, ਕਿਉਂਕਿ ਇਹ ਸੰਦ ਜਿੱਥੇ ਕਣਕ-ਝੋਨੇ ਦੇ ਨਾੜ ਨੂੰ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਾਉਂਦੇ ਹਨ, ਉਥੇ ਹੀ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਾਡੀਆਂ ਆਉਣ ਵਾਲੀਆਂ ਪੀੜੀ ਦਾ ਭਵਿੱਖ ਸੁਰੱਖਿਅਤ ਕਰਨ ਵਿਚ ਸਹਾਈ ਹੋਣਗੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਵਿਮਲਪ੍ਰੀਤ ਸਿੰਘ ਸਮੇਤ ਕਮੇਟੀ ਮੈਂਬਰਾਂ ਤੇ ਹਲਕੇ ਦੇ ਪਤਵੰਤੇ ਮੌਜੂਦ ਸਨ।

Spread the love