ਸਮਾਗਮ ਦੇ ਆਯੋਜਨ ਲਈ ਐਨ.ਜੀ.ਓ. ਗ੍ਰੀਨ ਪੰਜਾਬ ਦੀ ਕੀਤੀ ਸ਼ਲਾਘਾ
ਲੁਧਿਆਣਾ, 13 ਨਵੰਬਰ 2021
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜ਼ਿਲ੍ਹੇ ਦੇ ਰੈੱਡ ਕਰਾਸ ਬਾਲ ਭਵਨ ਦੇ ਬੱਚਿਆਂ ਨਾਲ ਬਾਲ ਦਿਵਸ ਮਨਾਇਆ।ਸ੍ਰੀ ਸ਼ਰਮਾ ਨੇ ਸਕੂਲ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਤੋਹਫੇ ਵੀ ਵੰਡੇ।
ਹੋਰ ਪੜ੍ਹੋ :-ਰੋਪੜ ਹੈਡ ਵਰਕਸ ਤੇ ਲਾਈ ਕਾਨੂੰਨੀ ਸੇਵਾਵਾਂ ਸਬੰਧੀ ਚਿੱਤਰ ਪ੍ਰਦਰਸ਼ਨੀ ਕਰਵਾਈ ਗਈ
ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਦੱਸਿਆ ਕਿ ਬਾਲ ਦਿਵਸ ਹਰ ਸਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਮੌਕੇ 14 ਨਵੰਬਰ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਬੱਚੇ ਸਾਡੇ ਮੁਲਕ ਦਾ ਭਵਿੱਖ ਹਨ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਸਮਾਜ ਦਾ ਹਰੇਕ ਬੱਚਾ ਪੜ੍ਹਿਆ-ਲਿਖਿਆ ਹੋਵੇ ਕਿਉਂਕਿ ਵਿਦਿਆ ਕਿਸੇ ਵੀ ਦੇਸ਼ ਦੇ ਵਿਕਾਸ ਦੀ ਕੁੰਜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਬੱਚਿਆਂ ਦੀ ਕਿਸਮਤ ਨੂੰ ਸਹੀ ਦਿਸ਼ਾ ਵਿੱਚ ਘੜਨ ਵਿੱਚ ਸਹਾਈ ਹੁੰਦੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਮਿਆਰੀ ਸਿੱਖਿਆ ਨਾ ਸਿਰਫ਼ ਉਨ੍ਹਾਂ ਲਈ ਕਰੀਅਰ ਦੇ ਨਵੇਂ ਰਾਹ ਖੋਲ੍ਹੇਗੀ ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਯਕੀਨੀ ਬਣਾਏਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਐਨ.ਜੀ.ਓ. ਗ੍ਰੀਨ ਪੰਜਾਬ ਆਰਗਨਾਈਜੇਸ਼ਨ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਅਜਿਹੀਆਂ ਸੰਸਥਾਵਾਂ ਸਮਾਜ ਦੀ ਲੋੜ ਹਨ।
ਐਨ.ਜੀ.ਓ. ਗ੍ਰੀਨ ਪੰਜਾਬ ਵੱਲੋਂ ਖੁਸ਼ਬੂ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਚਿਆਂ ਨਾਲ ਬਾਲ ਦਿਵਸ ਮਨਾ ਕੇ ਬੇਹੱਦ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮੌਕੇ ਸੰਸਥਾ ਵੱਲੋਂ ਬੱਚਿਆਂ ਨੂੰ ਉਪਹਾਰ ਤੇ ਮਠਿਆਈਆਂ ਵੰਡਣ ਦੇ ਨਾਲ-ਨਾਲ ਮਿਊਜੀਕਲ ਚੇਅਰ ਗੇਮਜ਼ ਵੀ ਖੇਡੀ ਗਈ ਅਤੇ ਗੇਮ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਵਿਦਿਆਰਥੀਆਂ ਦੀਆਂ ਆਫਲਾਈਨ ਕਲਾਸਾਂ ਲਗਭਗ ਦੋ ਸਾਲਾਂ ਤੋਂ ਮੁਅੱਤਲ ਰਹੀਆਂ ਪਰ ਹੁਣ ਸਥਿਤੀ ਆਮ ਵਾਂਗ ਹੋਣ ਕਾਰਨ ਉਹ ਜਮਾਤਾਂ ਵਿੱਚ ਪੜ੍ਹਣ ਦੇ ਯੋਗ ਹੋ ਗਏ ਹਨ ਜਿਸ ਨਾਲ ਸਾਥੀਆਂ ਵਿੱਚ ਗਿਆਨ ਦੀ ਸਾਂਝ ਨੂੰ ਹੁਲਾਰਾ ਮਿਲੇਗਾ।
ਇਸ ਮੌਕੇ ਰੈੱਡ ਕਰਾਸ ਦੇ ਸਕੱਤਰ ਬਲਬੀਰ ਚੰਦ, ਖੁਸ਼ਬੂ ਬਾਂਸਲ, ਸੁਦੀਕਸ਼ਾ ਢੱਲ, ਸਮਿਤੀ ਬਾਂਸਲ, ਵਿਵੇਕ ਢੱਲ, ਪੁਨੀਤ ਬਾਂਸਲ, ਪੂਨਮ ਬਾਂਸਲ, ਕਰਮਜੀਤ ਕੌਰ ਤੇ ਹੋਰ ਹਾਜ਼ਰ ਸਨ।