*ਜ਼ਿਲੇ ਵਿਚ 297948 ਲਾਭਪਾਤਰੀਆਂ ਨੂੰ ਮਿਲੇਗਾ ਸਸਤੀਆਂ ਦਰਾਂ ’ਤੇ ਮਿਆਰੀ ਰਾਸ਼ਨ-ਡਾ. ਸ਼ੇਨਾ ਅਗਰਵਾਲ
*78815 ਲਾਭਪਾਤਰੀ ਪਰਿਵਾਰਾਂ ਨੂੰ ਹੋਵੇਗੀ ਸਮਾਰਟ ਰਾਸ਼ਨ ਕਾਰਡਾਂ ਵੰਡ
*ਸੂਬੇ ਦੇ ਕਿਸੇ ਵੀ ਡਿਪੂ ’ਤੇ ਵਰਤੇ ਜਾ ਸਕਣਗੇ ਸਮਾਰਟ ਰਾਸ਼ਨ ਕਾਰਡ
ਨਵਾਂਸ਼ਹਿਰ, 12 ਸਤੰਬਰ :
ਸੂਬੇ ਦੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਰਜਿਸਟਰਡ ਪਰਿਵਾਰਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਰਾਸ਼ਨ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਭਰ ਵਿਚ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਦਾ ਆਗਾਜ਼ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਚੰਡੀਗੜ ਤੋਂ ਕੀਤਾ ਗਿਆ, ਜਦਕਿ ਜ਼ਿਲਾ ਪੱਧਰੀ ਸਮਾਗਮ ਸਥਾਨਕ ਜ਼ਿਲਾ ਪਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਜ਼ਿਲੇ ਵਿਚ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 297948 ਲਾਭਪਾਤਰੀਆਂ ਨੂੰ 78815 ਸਮਾਰਟ ਰਾਸ਼ਨ ਵਾਰਡ ਵੰਡੇ ਜਾਣਗੇ। ਉਨਾਂ ਦੱਸਿਆ ਕਿ ਇਹ ਲਾਭਪਾਤਰੀ ਡਿਪੂਆਂ ਤੋਂ ਰਿਆਇਤੀ ਦਰਾਂ ’ਤੇ ਮਿਆਰੀ ਰਾਸ਼ਨ ਪ੍ਰਾਪਤ ਕਰ ਸਕਣਗੇ। ਉਨਾਂ ਕਿਹਾ ਕਿ ਇਨਾਂ ਕਾਰਡਾਂ ਦੀ ਖਾਸੀਅਤ ਇਹ ਹੈ ਕਿ ਇਹ ਸੂਬੇ ਦੇ ਕਿਸੇ ਵੀ ਡਿਪੂ ’ਤੇ ਵਰਤੇ ਜਾ ਸਕਦੇ ਹਨ। ਉਨਾਂ ਕਿਹਾ ਕਿ ਇਸ ਯੋਜਨਾ ਨਾਲ ਜਿਥੇ ਯੋਗ ਪਰਿਵਾਰਾਂ ਨੂੰ ਹੱਕੀ ਲਾਭ ਮਿਲਣਾ ਯਕੀਨੀ ਬਣੇਗਾ, ਉਥੇ ਸਰਕਾਰ ਨੂੰ ਸੇਵਾਵਾਂ ਪ੍ਰਭਾਵਸ਼ਾਲੀ ਅਤੇ ਪਾਰਦਰਸਤਾ ਨਾਲ ਮੁਹੱਈਆ ਕਰਵਾਉਣ ਵਿਚ ਵੀ ਸਹਾਇਤਾ ਮਿਲੇਗੀ।
ਉਨਾਂ ਦੱਸਿਆ ਕਿ ਰਾਸ਼ਨ ਵੰਡ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਅਤੇ ਕਿਸੇ ਵੀ ਤਰਾਂ ਦੀ ਚੋਰੀ ਜਾਂ ਘਪਲੇ ਨੂੰ ਰੋਕਣ ਲਈ ਟੀ. ਪੀ. ਡੀ. ਐਸ ਦੇ ਕੰਮ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਿਹੜੇ ਵੀ ਪਰਿਵਾਰਾਂ ਦੀ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਘੱਟ ਹੈ, ਉਹ ਪਰਿਵਾਰ ਛੇ ਮਹੀਨੇ ਲਈ ਪ੍ਰਤੀ ਜੀਅ 2 ਰੁਪਏ ਕਿਲੋ ਦੇ ਹਿਸਾਬ ਨਾਲ 30 ਕਿਲੋਗ੍ਰਾਮ ਕਣਕ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਅੰਤੋਦਿਆ ਕਾਰਡ ਧਾਰਕਾਂ ਨੂੰ 2 ਰੁਪਏ ਪ੍ਰਤੀ ਕਿਲੋ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਰਾਸ਼ਨ ਮਿਲੇਗਾ।
ਉਨਾਂ ਕਿਹਾ ਕਿ ਇਸ ਕਾਰਡ ਦੀ ਵਰਤੋਂ ਕਰ ਕੇ ਲਾਭਪਾਤਰੀ ਬਿਨਾਂ ਕਿਸੇ ਵਾਧੂ ਦਸਤਾਵੇਜ਼ਾਂ ਨੂੰ ਨਾਲ ਲਿਆਏ ਈ-ਪੋਜ਼ ਮਸ਼ੀਨ ਰਾਹੀਂ ਸਰਕਾਰੀ ਡਿਪੂਆਂ ਤੋਂ ਅਨਾਜ ਲੈ ਸਕਦੇ ਹਨ। ਉਨਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਪਰਿਵਾਰ ਦੇ ਵੇਰਵੇ ਹਾਸਲ ਕਰਨ ਲਈ ਈ-ਪੋਜ਼ ਮਸ਼ੀਨ ’ਤੇ ਸਵਾਇਪ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਦੀ ਬਾਇਚਮੈਟਿ੍ਰਕ ਪ੍ਰਮਾਣਿਕਤਾ ਅਨਾਜ ਦੇਣ ਲਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਮਾਰਟ ਰਾਸ਼ਨ ਕਾਰਡ ਦੀ ਸੁਰੱਖਿਆ ਅਤੇ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਕਿਹਾ ਕਿ ਚਿੱਪ ਵਿਚ ਏਕੀਿਤ ਲਾਭਪਾਤਰੀਆਂ ਦੇ ਵੇਰਵਿਆਂ ਨੂੰ ਲਾਕ ਕਰ ਦਿੱਤਾ ਗਿਆ ਹੈ, ਜੋ ਕਿ ਪ੍ਰਮਾਣਿਤ ਯੰਤਰਾਂ ਤੋਂ ਹੀ ਪੜੇ ਜਾਣਗੇ। ਫਾਈਲ ਦਾ ਢਾਂਚਾ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕੇਵਲ ਪ੍ਰਮਾਣਿਤ ਈ-ਪੋਜ਼ ਮਸ਼ੀਨਾਂ ਦੁਆਰਾ ਹੀ ਚਲਾਇਆ ਜਾ ਸਕੇਗਾ। ਇਸ ਦੌਰਾਨ ਜ਼ਿਲੇ ਦੀਆਂ ਸਬ-ਡਵੀਜ਼ਨਾਂ ਵਿਚ ਵੀ ਸਮਾਰਟ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਜ਼ਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ, ਲਲਿਤ ਮੋਹਨ ਪਾਠਕ ਬੱਲੂ, ਜੋਗਿੰਦਰ ਸਿੰਘ ਬਗੌਰਾ, ਜ਼ਿਲਾ ਯੂਥ ਪ੍ਰਧਾਨ ਹੀਰਾ ਖੇਪੜ, ਰਾਕੇਸ਼ ਕੁਮਾਰ ਵਿੱਕੀ, ਰੈੱਡ ਕਰਾਸ ਸੁਸਾਇਟੀ ਦੇ ਇੰਚਾਰਜ ਹਰਪਾਲ ਸਿੰਘ, ਏ. ਐਫ. ਐਸ. ਓ ਹਰੀਸ਼ ਕੁਮਾਰ, ਜਤਿੰਦਰ ਸਿੰਘ, ਖ਼ੁਰਾਕ ਸਪਲਾਈ ਇੰਸਪੈਕਟਰ ਸੁਰਿੰਦਰਜੀਤ ਸਿੰਘ, ਇਤਬਾਰ ਕੌਰ, ਵਰਿੰਦਰ ਕੁਮਾਰ ਤੇ ਅਰੁਣ ਕੁਮਾਰ ਤੋਂ ਇਲਾਵਾ ਡਿਪੂ ਹੋਲਡਰ ਅਤੇ ਲਾਭਪਾਤਰੀ ਹਾਜ਼ਰ ਸਨ।