ਓ.ਪੀ. ਸੋਨੀ ਵੱਲੋਂ ਨਵਜਨਮੇ ਬੱਚੇ ਦੀ ਦੇਖਭਾਲ ਬਾਰੇ ਹਫ਼ਤੇ ਦੀ ਕੀਤੀ ਗਈ ਸ਼ੁਰੂਆਤ

SONI
ਓ.ਪੀ. ਸੋਨੀ ਵੱਲੋਂ ਨਵਜਨਮੇ ਬੱਚੇ ਦੀ ਦੇਖਭਾਲ ਬਾਰੇ ਹਫ਼ਤੇ ਦੀ ਕੀਤੀ ਗਈ ਸ਼ੁਰੂਆਤ
ਪੰਜਾਬ ਸਰਕਾਰ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਸਮੁੱਚੇ ਵਿਕਾਸ ਲਈ ਵਚਨਬੱਧ: ਓ.ਪੀ. ਸੋਨੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਨਵੰਬਰ 2021
ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓ.ਪੀ.ਸੋਨੀ, ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਚਾਰਜ ਵੀ ਹੈ, ਨੇ ਅੱਜ ਨਵਜਨਮੇ ਬੱਚਿਆਂ ਦੀ ਦੇਖਭਾਲ ਬਾਰੇ ਹਫ਼ਤੇ ਦੀ ਰਸਮੀ ਸ਼ੁਰੂਆਤ  ਕੀਤੀ।ਜ਼ਿਕਰਯੋਗ ਹੈ ਜੋ ਕਿ ਮਿਤੀ 15 ਤੋਂ 21 ਨਵੰਬਰ ਤੱਕ ਇਹ ਹਫ਼ਤਾ ਮਨਾਇਆ ਜਾ ਰਿਹਾ ਹੈ ਤਾਂ ਜੋ ਨਵਜੰਮੇ ਬੱਚਿਆਂ ਦੀ ਸਿਹਤ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਨਵਜਨਮੇ ਬੱਚਿਆਂ ਦੀ ਦੇਖਭਾਲ,ਸਿਹਤ ਖੇਤਰ ਦਾ ਮੁੱਖ ਤਰਜੀਹੀ ਖੇਤਰ ਹੈ ਅਤੇ ਉੱਚ ਪੱਧਰ ‘ਤੇ ਇਸ ਵਚਨਬੱਧਤਾ ਨੂੰ ਦੁਹਰਾਉਣਾ ਹੀ ਇਸ ਹਫ਼ਤੇ ਨੂੰ ਮਨਾਉਣ ਦਾ ਮੰਤਵ ਹੈ। ਇਸ ਸਾਲ ਰਾਸ਼ਟਰੀ ਨਵਜੰਮੇ ਹਫ਼ਤਾ ਦਾ ਥੀਮ ਹੈ ‘ਸੁਰੱਖਿਆ, ਗੁਣਵੱਤਾ ਅਤੇ ਪਾਲਣ ਪੋਸ਼ਣ ਦੇਖਭਾਲ: ਹਰ ਸਿਹਤ ਸਹੂਲਤ ਅਤੇ ਹਰ ਥਾਂ ‘ਤੇ ਨਵੇਂ ਜਨਮੇ ਦਾ ਜਨਮ ਅਧਿਕਾਰ’।

ਹੋਰ ਪੜ੍ਹੋ :-ਲੋਕਾਂ ਨੂੰ ਸਸਤਾ ਰੇਤਾ ਮੁਹਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਬੈਠਕ
ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦੀ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਪ੍ਰਤੀ 1000  ਜਨਮਾਂ ਪਿੱਛੇ 19 ਹੈ ਜੋ ਕਿ ਰਾਸ਼ਟਰੀ ਦਰ ਨਾਲੋਂ ਕਾਫੀ ਬਿਹਤਰ ਹੈ ਜੋ ਕਿ 31 ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਬੱਚਿਆਂ ਦੀ ਮੌਤ ਦਰ ਦੇ ਅੰਕੜਿਆਂ ਵਿੱਚ ਕਮੀ ਆਈ ਹੈ, ਪਰ ਫਿਰ ਵੀ ਇੱਕ ਬੱਚੇ ਦੀ ਮੌਤ ਪੂਰੇ ਪਰਿਵਾਰ ਲਈ ਦੁਖਦਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਇਹ ਹੈ ਕਿ “ਹਰ ਬੱਚਾ ਆਪਣਾ ਜੀਵਨ ਜੀਵੇ, ਵਧੇ-ਫੁੱਲੇ ਅਤੇ ਆਪਣੀ ਪੂਰੀ ਮਨੁੱਖੀ ਸਮਰੱਥਾ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਵਿਕਾਸ ਲਈ ਕੰਮ ਕਰਨ ਲਈ ਵਚਨਬੱਧ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਅਸੀਂ ਉਨ੍ਹਾਂ ਛੋਟੇ ਕਾਰਨਾਂ ਵੱਲ ਵੀ ਧਿਆਨ ਦਿੰਦੇ ਹਾਂ ਜੋ ਨਵਜੰਮੇ ਬੱਚੇ ਦੇ ਵਿਕਾਸ ਅਤੇ ਜਨਮ ਵਿੱਚ ਰੁਕਾਵਟ ਪਾਉਂਦੇ ਹਨ। 
ਸ਼੍ਰੀ ਸੋਨੀ ਨੇ ਸੁਣਨਸ਼ਕਤੀ ਦੀ ਕਮਜ਼ੋਰੀ ਲਈ ਨਵਜੰਮੇ ਬੱਚਿਆਂ ਨੂੰ ਸਕ੍ਰੀਨ ਕਰਨ ਲਈ ਸੋਹਮ ਮਸ਼ੀਨ ਲਾਂਚ ਕੀਤੀ ਜੋ ਕਿ ਖਾਸ ਤੌਰ ‘ਤੇ ਨਵਜੰਮੇ ਬੱਚਿਆਂ ਦੀ ਸੁਣਨਸ਼ਕਤੀ ਪਰਖਣ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ। ਸਾਰੇ ਨਵਜਨਮੇ ਬੱਚਿਆਂ ਦੀ ਜਿਲ੍ਹਾ ਹਸਪਤਾਲ ਵਿਖੇ ਮਾਹਿਰ ਡਾਕਟਰ ਵੱਲੋਂ ਇਸ ਮਸ਼ੀਨ ਰਾਹੀਂ ਜਾਂਚ ਕੀਤੀ ਜਾਵੇਗੀ। ਨਵਜੰਮੇ ਬੱਚਿਆਂ ਵਿੱਚ ਨਮੂਨੀਆ ਦਾ ਪਤਾ ਲਗਾਉਣ ਲਈ ਮਲਟੀਮੋਡਲ ਪਲਸ ਆਕਸੀਮੀਟਰ ਵੀ ਲਾਂਚ ਕੀਤਾ ਗਿਆ ਸੀ ਕਿਉਂਕਿ ਡਾਇਰੀਆ ਤੋਂ ਬਾਅਦ ਨਵਜੰਮੇ ਬੱਚਿਆਂ ਵਿੱਚ ਮੌਤਾਂ ਦਾ ਦੂਜਾ ਵੱਡਾ ਕਾਰਨ ਨਿਮੋਨੀਆ ਹੈ। ਇਸੇ ਨਾਲ 12 ਨਵੰਬਰ ਵਿਸ਼ਵ ਨਿਮੋਨੀਆ ਦਿਵਸ ਤੋਂ 28 ਫਰਵਰੀ ਤੱਕ ਸਾਂਸ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜਿਸ ਵਿੱਚ ਸਾਰੀਆਂ ਸਿਹਤ ਸਹੂਲਤਾਂ ‘ਤੇ ਨਵਜੰਮੇ ਬੱਚਿਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਵਿੱਚ ਨਿਮੋਨੀਆ ਦੀ ਜਾਂਚ ਲਈ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਮਾਂ ਅਤੇ ਬੱਚੇ ਦੀ ਦੇਖਭਾਲ ਬਾਰੇ ਆਮ ਲੋਕਾਂ ਖਾਸ ਕਰਕੇ ਗਰਭਵਤੀ ਔਰਤਾਂ ਵਿੱਚ ਜਾਗਰੂਕਤਾ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਨਵਜੰਮੇ ਬੱਚਿਆਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕੇ।
ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਅੰਦੇਸ਼ ਨੇ ਦੱਸਿਆ ਕਿ ਸਾਰੇ ਨਵਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ, ਰਾਜ ਦੀਆਂ ਟੀਮਾਂ ਦੁਆਰਾ ਐਸ.ਐਨ.ਸੀ.ਯੂ., (ਬਿਮਾਰ ਨਵਜਾਤ ਦੇਖਭਾਲ ਯੂਨਿਟ) ਅਤੇ ਐਨ.ਬੀ.ਐਸ.ਯੂ (ਨਵਜਾਤ ਸਥਿਰਤਾ ਯੂਨਿਟ) ਦੀ ਵਿਜ਼ਟ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਕੰਗਾਰੂ ਮਦਰ ਕੇਅਰ ਅਧੀਨ ਕੇ.ਐਮ.ਸੀ. ਦੀਆਂ ਚੇਅਰਾਂ ਵੀ ਮੁਹੱਈਆ ਕਰਵਾਏਗੀ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ(ਪਰਿਵਾਰ ਭਲਾਈ) ਡਾ: ਓ.ਪੀ.ਗੋਜਰਾ, ਸਿਵਲ ਸਰਜਨ ਮੁਹਾਲੀ ਡਾ: ਆਦਰਸ਼ਪਾਲ ਕੌਰ, ਪ੍ਰੋਗਰਾਮ ਅਫ਼ਸਰ ਐਮ.ਸੀ.ਐਚ. ਡਾ: ਇੰਦਰਦੀਪ ਕੌਰ, ਪ੍ਰੋਗਰਾਮ ਅਫ਼ਸਰ ਆਰ.ਬੀ.ਐਸ.ਕੇ. ਡਾ: ਸੁਖਦੀਪ ਕੌਰ, ਸਟੇਟ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਹਾਜ਼ਰ ਸਨ ।
Spread the love