ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ’ਚ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ
ਜ਼ਿਲ੍ਹਾ ਬਰਨਾਲਾ ’ਚ 65964 ਸਮਾਰਟ ਰਾਸ਼ਨ ਕਾਰਡਾਂ ਦੀ ਕੀਤੀ ਜਾਵੇਗੀ ਵੰਡ
ਲਾਭਪਾਤਰੀ ਹੁਣ ਪੰਜਾਬ ’ਚ ਕਿਸੇ ਵੀ ਰਾਸ਼ਨ ਡਿਪੂ ਤੋਂ ਪ੍ਰਾਪਤ ਕਰ ਸਕਦੇ ਹਨ ਰਾਸ਼ਨ
ਬਰਨਾਲਾ, 12 ਸਤੰਬਰ-
ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਤੱਕ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ¶ਯੋਜਨਾਵਾਂ ਦੀ ਪ੍ਰਕਿਰਿਆ ਅਸਰਦਾਰ ਅਤੇ ਸੁਖਾਲੀ ਬਣਾਉਣ ਦੇ ਉੱਦਮ ਤਹਿਤ ਅੱਜ ਜ਼ਿਲ੍ਹਾ ਬਰਨਾਲਾ ’ਚ ‘ਸਮਾਰਟ ਰਾਸ਼ਨ ਕਾਰਡ ਸਕੀਮ’ ਤਹਿਤ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੀਤੀ ਗਈ।
ਸ਼੍ਰੀ ਫੂਲਕਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਤਪਕਾਰ ਮਾਮਲੇ ਵਿਭਾਗ ਦੁਆਰਾ ਜ਼ਿਲ੍ਹਾ ਬਰਨਾਲਾ ’ਚ 65964 ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਜਾਵੇਗੀ। ਇਨ੍ਹਾਂ ਕਾਰਡਾਂ ਰਾਹੀਂ 244498 ਲਾਭਪਾਤਰੀ ਕਵਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਵੰਡ ਕੇ ਕੀਤੀ ਗਈ ਸ਼ੁਰੂਆਤ ਤਹਿਤ ਜਲਦ ਹੀ ਸਾਰੇ ਕਾਰਡ ਵੰਡਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਸਮਾਰਟ ਰਾਸ਼ਨ ਕਾਰਡ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਅਸਰਦਾਰ ਅਤੇ ਸੁਖਾਲੀ ਬਣਾਉਣ ਦਾ ਇੱਕ ਉੱਦਮ ਹੈ। ਇਹ ਕੰਪਿਊਟਰਾਈਜ਼ਡ ਕਾਰਡ ਲਾਭਪਾਤਰੀ ਨੂੰ ਰਾਸ਼ਨ ਪ੍ਰਾਪਤ ਕਰਨ ਲਈ ਕਿਸੇ ਵੀ ਰਾਸ਼ਨ ਡਿਪੂ ਦੀ ਚੋਣ ਕਰਨ ਦੇ ਸਮਰੱਥ ਬਣਾਏਗਾ, ਜਿਸ ਨਾਲ ਲਾਭਪਾਤਰੀ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਸਮਾਰਟ ਰਾਸ਼ਨ ਕਾਰਡ ਸਕੀਮ ‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ’ ਤਹਿਤ ਆਪਣੀ ਮਰਜ਼ੀ ਨਾਲ ਪੰਜਾਬ ’ਚ ਕਿਸੇ ਵੀ ਰਾਸ਼ਨ ਡਿਪੂ ਦੀ ਚੋਣ ਕਰਨ ਉਪਰੰਤ ਆਪਣਾ ਰਾਸ਼ਨ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਕਾਰਡਾਂ ਰਾਹੀਂ ਰਾਸ਼ਨ ਵੰਡਣ ਦੀ ਪ੍ਰਕਿਰਿਆ ’ਚ ਵੀ ਪਾਰਦਰਸ਼ਤਾ ਆਵੇਗੀ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਜੁਲਾਈ 2020 ਤੋਂ ਨਵੰਬਰ 2020 ਤੱਕ ਕੁੱਲ ਪੰਜ ਮਹੀਨਿਆਂ ਦੀ ਕਣਕ ਪੰਜ ਕਿੱਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਅਤੇ ਦਾਲ ਇੱਕ ਕਿਲੋ ਪ੍ਰਤੀ ਕਾਰਡ ਪ੍ਰਤੀ ਮਹੀਨਾ ਬਿਲਕੁਲ ਮੁਫਤ ਵੰਡਣ ਦੀ ਸ਼ੁਰੂਆਤ ਜਲਦ ਹੀ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ਼੍ਰੀ ਮੱਖਣ ਸ਼ਰਮਾ, ਸਹਾਇਕ ਕਮਿਸ਼ਨਰ ਸ਼੍ਰੀ ਅਸ਼ੋਕ ਕੁਮਾਰ, ਜ਼ਿਲ੍ਹਾ ਫ਼ੂਡ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਅਤਿੰਦਰ ਕੌਰ, ਜਿਲ੍ਹਾ ਫ਼ੂਡ ਸਪਲਾਈ ਅਫ਼ਸਰ ਸ਼੍ਰੀ ਰਣਜੀਤ ਸਿੰਘ, ਸਹਾਇਕ ਫ਼ੂਡ ਸਪਲਾਈ ਅਫ਼ਸਰ ਸ਼੍ਰੀ ਪ੍ਰਦੀਪ ਸਿੰਘ, ਦੀਪ ਸੰਘੇਡ਼ਾ, ਹੈਪੀ ਢਿੱਲੋਂ, ਹਰਦੀਪ ਜਾਗਲ ਆਦਿ ਹਾਜ਼ਰ ਸਨ।