ਹੁਣ ਵਾਰੀ ਕੇਬਲ ਨੈੱਟਵਰਕ ਦੀ
ਬਿਆਸ ਵਿਖੇ 10 ਕਰੋੜ ਦੀ ਲਾਗਤ ਨਾਲ ਬਣੇਗੀ ਆਈ.ਟੀ.ਆਈ.
ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਲਈ ਪੰਜ ਕਰੋੜ ਅਤੇ ਪੰਚਾਇਤਾਂ ਲਈ 10 ਕਰੋੜ ਦੇਣ ਦਾ ਐਲਾਨ
ਬੇਅਦਬੀ ਮਾਮਲਿਆਂ ਦੇ ਅਸਲ ਦੋਸੀ ਛੇਤੀ ਗਿ੍ਰਫਤ ਵਿਚ ਹੋਣਗੇ
‘ਆਪ‘ ਤੇ ਅਕਾਲੀ-ਭਾਜਪਾ ਨੇ ਝੂਠੇ ਵਾਅਦੇ ਕਰਕੇ ਪੰਜਾਬੀਆਂ ਨਾਲ ਕੀਤਾ ਧੋਖਾ
ਕਾਲੇ ਖੇਤੀ ਕਾਨੂੰਨਾਂ ‘ਤੇ ਕੇਂਦਰ ‘ਤੇ ਦੋਸ, ਭਵਿੱਖ ‘ਚ ਵੀ ਸੁਚੇਤ ਰਹਿਣ ਦੀ ਲੋੜ
ਬਿਆਸ, 20 ਨਵੰਬਰ 2021
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਇੱਕ-ਇੱਕ ਕਰਕੇ ਹੱਲ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਅਗਲਾ ਟੀਚਾ ‘ਕੇਬਲ ਨੈੱਟਵਰਕ’ ਹੈ ਅਤੇ ਇਸ ਸਬੰਧ ਵਿੱਚ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਕਲਿਆਣਕਾਰੀ ਪਹਿਲਕਦਮੀਆਂ ਅਤੇ ਸਕੀਮਾਂ ਪ੍ਰਤੀ ਆਪਣੇ ਦਿ੍ਰੜ ਸੰਕਲਪ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਹੱਤਵਪੂਰਨ ਸੈਕਟਰਾਂ ਖਾਸ ਤੌਰ ‘ਤੇ ਬਿਜਲੀ, ਰੇਤਾ ਅਤੇ ਬਜਰੀ ਦੀ ਸਸਤੀ ਦਰਾਂ ‘ਤੇ ਨਿਰਵਿਘਨ ਸਪਲਾਈ, ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਘਟਾਉਣ, ਬਿਜਲੀ ਦਰਾਂ ਵਿੱਚ ਕਟੌਤੀ ਕਰਨ ਸਮੇਤ ਕਈ ਲੋਕ ਪੱਖੀ ਕਦਮ ਚੁੱਕੇ ਹਨ। ਬਿਜਲੀ ਦਰ 3 ਰੁਪਏ ਪ੍ਰਤੀ ਯੂਨਿਟ ਘੱਟ ਕੀਤੀ ਹੈ। ਬਿਆਸ ਵਿਖੇ ਹਲਕਾ ਵਿਧਾਇਕ ਸ ਸੰਤੋਖ ਸਿੰਘ ਭਲਾਈਪੁਰ ਵੱਲੋਂ ਕਰਵਾਈ ਭਰਵੀਂ ਰੈਲੀ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਨਸÇਆਂ ਅਤੇ ਬੇਅਦਬੀ ਦੇ ਮਾਮਲਿਆਂ ਨੂੰ ਵੀ ਪਹਿਲ ਦੇ ਆਧਾਰ ‘ਤੇ ਲਿਆ ਜਾ ਰਿਹਾ ਹੈ ਤਾਂ ਜੋ ਅਸਲ ਦੋਸੀਆਂ ਦਾ ਪਰਦਾਫਾਸ ਕਰਕੇ ਜਲਦ ਤੋਂ ਜਲਦ ਕਾਨੂੰਨ ਦੇ ਕਟਹਿਰੇ ‘ਚ ਲਿਆਂਦਾ ਜਾ ਸਕੇ।
ਹੋਰ ਪੜ੍ਹੋ :-ਚੇਅਰਮੈਨ ਪ੍ਰੋ. ਨਾਹਰ ਨੇ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਕੈਬਨਿਟ ਮੰਤਰੀ ਡਾ: ਵੇਰਕਾ ਦੇ ਸਾਹਮਣੇ ਰੱਖੀਆਂ
ਸੱਤਾ ਦੇ ਮੁੱਦੇ ‘ਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਗਠਜੋੜ ‘ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਝੂਠੇ ਵਾਅਦੇ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਫਤ ਬਿਜਲੀ ਦੇਣ ਦਾ ‘ਆਪ’ ਦਾ ਐਲਾਨ ਸਰਾਸਰ ਝੂਠ ਹਨ। ਉਨ੍ਹਾਂ ਕਿਹਾ ਕਿ ਜੋ ਬਿਜਲੀ ਅਸੀਂ 2.38 ਰੁਪਏ ਦੀ ਦਰ ਨਾਲ ਖਰੀਦ ਰਹੇ ਹਾਂ ਅਕਾਲੀ ਸਰਕਾਰ ਉਹ 17.38 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦ ਰਹੀ ਸੀ। ਇਸ ਤਰ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਭਾਰੀ ਨੁਕਸਾਨ ਪਹੁੰਚਾਇਆ ਹੈ। ਪੀਪੀਏ ਅਤੇ ਸੂਰਜੀ ਊਰਜਾ ਸਮਝੌਤਿਆਂ ਦੀ ਆੜ ਹੇਠ 1700 ਕਰੋੜ ਰੁਪਏ ਸਾਲਾਨਾ ਦਾ ਸਰਕਾਰ ਨੂੰ ਚੂਨਾ ਅਕਾਲੀ ਭਾਜਪਾ ਸਰਕਾਰ ਲਗਾਉਂਦੀ ਰਹੀ ਹੈ, ਜੋ ਕਿ ਮੌਜੂਦਾ ਸਰਕਾਰ ਦੁਆਰਾ ਵੱਡੇ ਜਨਤਕ ਹਿੱਤਾਂ ਵਿੱਚ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਬਲ ਨੈਟਵਰਕ ਦੇ ਨਾਲ-ਨਾਲ ਬੇਅਦਬੀ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਜਾ ਰਿਹਾ ਹੈ ਅਤੇ ਜਲਦੀ ਹੀ ਠੋਸ ਕਾਰਵਾਈ ਸੁਰੂ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ ਅਤੇ ਅਸਲ ਦੋਸੀਆਂ ਨੂੰ ਫੜਿਆ ਜਾ ਸਕੇ।
ਤਿੰਨ ਖੇਤੀ ਕਾਨੂੰਨਾਂ ‘ਤੇ ਕੇਂਦਰ ਸਰਕਾਰ ‘ਤੇ ਵਰਦੇ ਮੁੱਖ ਮੰਤਰੀ ਚੰਨੀ ਨੇ ਜੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਕੁਝ ਵੀ ਅਸਾਧਾਰਨ ਨਹੀਂ ਕੀਤਾ ਬਲਕਿ ਇਸ ਵਿੱਚ ਜਾਣਬੁੱਝ ਕੇ ਬਹੁਤ ਦੇਰੀ ਕੀਤੀ ਗਈ ਸੀ।ਕਿਸਾਨਾਂ ਨੇ ਅੰਦੋਲਨ ਦੌਰਾਨ ਬਹੁਤ ਦੁੱਖ ਝੱਲੇ ਅਤੇ ਇਸ ਸੰਘਰਸ ਵਿੱਚ ਆਪਣੀਆਂ ਜਾਨਾਂ ਵੀ ਗਵਾਈਆਂ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਦੇ ਨਾਪਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਵੀ ਦਿੱਤੀ।
ਬਿਆਸ, ਬਾਬਾ ਬਕਾਲਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਹੁਲਾਰਾ ਦੇਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਸ੍ਰੀ ਚੰਨੀ ਨੇ ਕਿਹਾ ਕਿ ਬਿਆਸ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਈ.ਟੀ.ਆਈ. ਜਲਦੀ ਹੀ ਸੁਰੂ ਹੋ ਜਾਵੇਗੀ। ਉਨ੍ਹਾਂ ਨੇ ਵਿਧਾਨ ਸਭਾ ਹਲਕੇ ਦੀਆਂ ਪੰਚਾਇਤਾਂ ਲਈ 10 ਕਰੋੜ ਅਤੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਲਈ 5 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਰਈਆ ਦੇ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੇਣ ਦੇ ਨਾਲ-ਨਾਲ ਡਿਪਟੀ ਕਮਿਸਨਰ ਅੰਮ੍ਰਿਤਸਰ ਨੂੰ ਰਈਆ ਤੋਂ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕੀ ਸੰਪਰਕ ਲਈ ਜਮੀਨ ਐਕੁਆਇਰ ਕਰਨ ਦੇ ਬਦਲੇ ਵਾਜਬ ਦਰ ਨਾਲ ਇੱਕ ਵਿਸਥਾਰਤ ਪ੍ਰਸਤਾਵ ਤਿਆਰ ਕਰਨ ਲਈ ਕਿਹਾ। ਉਨ੍ਹਾਂ ਬਾਬਾ ਬਕਾਲਾ ਅਤੇ ਸਠਿਆਲਾ ਮੰਡੀਆਂ ਲਈ ਸੈੱਡਾਂ ਦਾ ਐਲਾਨ ਕਰਨ ਤੋਂ ਇਲਾਵਾ ਇਲਾਕੇ ਵਿੱਚ 10 ਕਿਲੋਮੀਟਰ ਲੰਬੀਆਂ ਸੜਕਾਂ ਅਤੇ ਢੁਕਵੀਂ ਥਾਂ ’ਤੇ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇ ਸੰਤੋਖ ਸਿੰਘ ਭਲਾਈਪੁਰ, ਸ: ਤਰਸੇਮ ਸਿੰਘ ਡੀਸੀ, ਸ: ਬਲਵਿੰਦਰ ਸਿੰਘ ਲਾਡੀ, ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਲਕਾਰ ਸਿੰਘ, ਪਿੰਦਰਜੀਤ ਸਿੰਘ , ਗੁਰਦਿਆਲ ਸਿੰਘ, ਨਿਰਵੈਲ ਸਿੰਘ, ਯੁਵਰਾਜ ਸਿੰਘ, ਡਾ. ਸਿਮਰਨਪ੍ਰੀਤ ਸਿੰਘ, ਸੂਰਤਾ ਸਿੰਘ, ਮਾਸਟਰ ਮੰਟੀ, ਸ੍ਰੀ ਸੁਰਿੰਦਰਪਾਲ ਲੱਡੂ ਆਦਿ ਹਾਜ਼ਰ ਸਨ।