ਸਮੇਂ-ਸਿਰ ਲਈ ਜਾਵੇ ਡਾਕਟਰੀ ਸਲਾਹ
ਬਰਨਾਲਾ, 26 ਨਵੰਬਰ 2021
ਡੇਂਗੂ ਬੁਖ਼ਾਰ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਮੁਖੀ ਹੋਮੀਓਪੈਥਿਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਬਲਿਹਾਰ ਸਿੰਘ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਹੋਮੀਓਪੈਥਿਕ ਦਫ਼ਤਰ ਬਰਨਾਲਾ ਵਿਖੇ ਡਾ. ਰਹਿਮਾਨ ਅਸ਼ਦ, ਡੀ.ਐਚ.ਓ ਨੇ ਓ.ਪੀ.ਡੀ ਚੋਂ ਆਉਂਦੇ ਮਰੀਜਾਂ ਨੂੰ ਦੱਸਿਆ ਕਿ ਡੇਂਗੂ ਬੁਖ਼ਾਰ ਇੱਕ ਵਾਇਰਲ ਬੁਖ਼ਾਰ ਹੈ, ਜੋ ਕਿ ਇੱਕ ਖ਼ਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਕਿ ਦਿਨ ਦੌਰਾਨ ਹੀ ਐਕਟਿਵ ਹੁੰਦਾ ਹੈ ਅਤੇ ਦਿਨ ਦੌਰਾਨ ਹੀ ਕਟਦਾ ਹੈ।
ਹੋਰ ਪੜ੍ਹੋ :-ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਅਹਿਮ ਉਪਾਅ : ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ
ਇਸ ਦੇ ਕੱਟਣ ਤੋਂ ਤਿੰਨ-ਚਾਰ ਦਿਨ ਬਾਅਦ ਬਹੁਤ ਤੇਜ਼ ਬੁਖ਼ਾਰ ਹੋ ਜਾਂਦਾ ਹੈ। ਅੱਖਾਂ ਵਿੱਚ ਦਰਦ, ਪਿੱਠ ਦਰਦ, ਸਿਰਦਰਦ ਬਹੁਤ ਹੁੰਦਾ ਹੈ। ਕਈ ਵਾਰ ਦਿਲ ਮਚਲਾਉਣਾ ਤੇ ਉਲਟੀਆਂ ਵੀ ਆਉਣ ਲੱਗ ਜਾਂਦੀਆਂ ਹਨ। ਕਈ ਵਾਰ ਇਹ ਬਿਮਾਰੀ ਬਹੁਤ ਖਤਰਨਾਕ ਹੋ ਜਾਂਦੀ ਹੈ। ਕਦੇ ਵੀ ਆਪਣੇ-ਆਪ ਦਵਾਈ ਨਹੀਂ ਲੈਣੀ ਚਾਹੀਦੀ। ਡਾ. ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
ਇਹ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ। ਸੋ ਆਪਣੇ ਘਰਾਂ ਦੇ ਕੂਲਰਾਂ ਦਾ ਪਾਣੀ ਕੱਢਿਆ ਜਾਵੇ, ਘਰ ਦੇ ਨੇੜੇ ਖੜ੍ਹੇ ਪਾਣੀ ਤੇ ਸਪਰੇਅ ਕਰਵਾਇਆ ਜਾਵੇ, ਦਰਵਾਜੇ ਅਤੇ ਖਿੜਕੀਆਂ ਉਪਰ ਜਾਲੀਆਂ ਲਗਵਾਈਆਂ ਜਾਣ, ਗਮਲਿਆਂ ਵਿੱਚ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ।
ਇਸ ਮੌਕੇ ਡਾ. ਪਰਮਿੰਦਰ ਪੰਨੂੰ, ਡਾ. ਅਮਨਦੀਪ ਕੌਰ, ਗੁਲਸ਼ਨ ਕੁਮਾਰ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।