
ਮਸ਼ੀਨਾਂ ਦੇ ਬਿਹਤਰ ਸੰਚਾਲਨ ਲਈ ਆਰ.ਓਜ਼, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਅਤੇ ਵਿਧਾਨ ਸਭਾ ਹਲਕਾ ਪੱਧਰੀ ਮਾਸਟਰ ਟ੍ਰੇਨਰਾਂ ਨੂੰ ਦਿੱਤੀ ਸਿਖਲਾਈ
ਜਲੰਧਰ, 10 ਜਨਵਰੀ 2022
ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਅਤੇ ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ (ਵੀਵੀਪੈਟ) ਮਸ਼ੀਨਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਰੀੜ੍ਹ ਦੀ ਹੱਡੀ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਸਮੂਹ ਅਧਿਕਾਰੀਆਂ ਨੂੰ ਸਿਖਲਾਈ ਸੈਸ਼ਨ ਦੌਰਾਨ ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੇ ਕੰਮਕਾਜ ਬਾਰੇ ਉਚਿਤ ਸਿਖਲਾਈ ਅਤੇ ਜਾਣਕਾਰੀ ਹਾਸਲ ਕਰਨ ਲਈ ਕਿਹਾ। ਇਸ ਸਿਖਲਾਈ ਸੈਸ਼ਨ ਵਿੱਚ ਰਿਟਰਨਿੰਗ ਅਫ਼ਸਰਾਂ, 3 ਡਿਸਟ੍ਰਿਕਟ ਲੈਵਲ ਮਾਸਟਰ ਟ੍ਰੇਨਰਾਂ ਅਤੇ 5 ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਨੇ ਭਾਗ ਲਿਆ।
ਹੋਰ ਪੜ੍ਹੋ :-ਭਾਰਤ ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਪ੍ਰਿੰਟਿੰਗ ਪ੍ਰੈਸਾਂ ਛਾਪਣ ਸਮੱਗਰੀ-ਵਧੀਕ ਜਿਲ੍ਹਾ ਚੋਣ ਅਫ਼ਸਰ
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਖਲਾਈ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਬੰਧਤ ਸਟਾਫ਼ ਨੂੰ ਮਸ਼ੀਨਾਂ ਸਬੰਧੀ ਹਰ ਲੋੜੀਂਦੀ ਜਾਣਕਾਰੀ ਹੋਵੇ ਤਾਂ ਜੋ 14 ਫਰਵਰੀ ਨੂੰ ਵੋਟਾਂ ਵੇਲੇ ਅਤੇ 10 ਮਾਰਚ ਨੂੰ ਗਿਣਤੀ ਵਾਲੇ ਦਿਨ ਸਾਰੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਮੁਕੰਮਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੀ ਮਹੱਤਤਾ ਨੂੰ ਦੇਖਦਿਆਂ ਚੋਣ ਅਮਲੇ ਨੂੰ ਈ.ਵੀ.ਐਮਜ਼ ਸਬੰਧੀ ਵਿਸ਼ੇਸ਼ ਸਿਖਲਾਈ ਦੇਣ ਦੇ ਉਪਰਾਲੇ ਕੀਤੇ ਗਏ ਹਨ ਤਾਂ ਜੋ ਉਹ ਆਪਣੀ ਚੋਣ ਡਿਊਟੀ ਨੂੰ ਅਸਰਦਾਰ ਢੰਗ ਨਾਲ ਨਿਭਾਅ ਸਕਣ।
ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਸਮੁੱਚੇ 1974 ਪੋਲਿੰਗ ਸਟੇਸ਼ਨਾਂ ਵਿੱਚ ਈਵੀਐਮ ਮਸ਼ੀਨਾਂ ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ (ਵੀਵੀਪੈਟ) ਸਿਸਟਮ ਨਾਲ ਲੈਸ ਹੋਣਗੀਆਂ। ਇਸ ਲਈ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਖਾਤਰ ਚੋਣ ਅਮਲੇ ਨੂੰ ਉਚਿਤ ਸਿਖਲਾਈ ਦਿੱਤੀ ਜਾਣੀ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਚੋਣਾਂ ਵਾਲੇ ਦਿਨ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਅੱਜ 9 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ, 5 ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਅਤੇ 3 ਡਿਸਟ੍ਰਿਕਟ ਲੈਵਲ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਅੱਗੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜੋ ਅੱਗੇ ਪੋਲਿੰਗ ਸਟਾਫ਼ ਨੂੰ ਸਿਖਲਾਈ ਪ੍ਰਦਾਨ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰ, ਅਸੈਂਬਲੀ ਲੈਵਲ ਮਾਸਟਰ ਟਰੇਨਰ, ਡਿਸਟ੍ਰਿਕਟ ਲੈਵਲ ਮਾਸਟਰ ਟਰੇਨਰ ਅਤੇ ਹੋਰ ਵੀ ਮੌਜੂਦ ਸਨ।