![SUKH BIR BADAL SUKH BIR BADAL](https://newsmakhani.com/wp-content/uploads/2022/01/SUKH-BIR-BADAL.jpg)
ਫਤਿਹਗੜ੍ਹ ਸਾਹਿਬ 28 ਜਨਵਰੀ 2022
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਸੱਤਾ ਵਿਚ ਆ ਕੇ ਮੁੜ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਵੇਗੀ, ਜਦੋਂ ਕਿ ਕਾਂਗਰਸ ਪਾਰਟੀ ਨੇ ਤਾਂ ਆਪਣੇ ਪੰਜ ਸਾਲਾਂ ਵਿੱਚ ਕੁਰਸੀ ਦੀ ਲੜਾਈ ਜਾਰੀ ਰੱਖੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਫਤਹਿਗੜ੍ਹ ਸਾਹਿਬ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਸਮੇਤ ਸੀਨੀਅਰ ਅਕਾਲੀ ਆਗੂ ਅਮਰਿੰਦਰ ਸਿੰਘ ਲਿਬੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨਾਲ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਹੋਰ ਪੜ੍ਹੋ :-ਕਰੋਨਾ ਪਾਬੰਦੀਆਂ 1 ਫਰਵਰੀ ਤੱਕ ਰਹਿਣਗੀਆਂ ਲਾਗੂ
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਸ਼ਾਸਨ ਤੋਂ ਅੱਕੀ ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਨੂੰ ਬੇਸਬਰੀ ਨਾਲ ਉਡੀਕ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜਿੱਥੇ ਝੂਠੇ ਲਾਰੇ ਲਾ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਆਪਣੇ ਪੰਜ ਸਾਲ ਦਾ ਸ਼ਾਸਨ ਕੇਵਲ ਗੱਲਾਂ ਬਾਤਾਂ ਵਿੱਚ ਹੀ ਕੱਢ ਦਿੱਤਾ, ਜਦੋਂਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਆਮ ਆਦਮੀ ਪਾਰਟੀ ਵੱਡੇ ਵੱਡੇ ਸੁਪਨੇ ਦਿਖਾ ਰਹੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਤਾਂ ਆਪਣੀ ਸਰਕਾਰ ਹੁੰਦਿਆਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਨਹੀਂ ਕਰ ਸਕੇ ਪੰਜਾਬ ਆ ਕੇ ਕਿ ਉਹ ਪੰਜਾਬੀਆਂ ਨੂੰ ਸੁਪਨੇ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨਿਵਾਸੀ ਆਮ ਆਦਮੀ ਪਾਰਟੀ ਦੀਆਂ ਗੱਲਾਂ ਵਿਚ ਕਦੇ ਨਹੀਂ ਆਉਣਗੇ ।ਪਾਰਟੀ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਸੱਤਾ ਵਿਚ ਲਿਆਉਣ ਲਈ ਪੰਜਾਬ ਦੇ ਨਿਵਾਸੀ ਉਤਾਵਲੇ ਦੇਖੇ ਜਾ ਰਹੇ ਹਨ । ਉਨ੍ਹਾਂ ਪੂਰੇ ਪੰਜਾਬ ਨਿਵਾਸੀਆਂ ਦੇ ਨਾਲ ਨਾਲ ਖ਼ਾਸਕਰ ਹਲਕਾ ਫਤਿਹਗਡ਼੍ਹ ਸਾਹਿਬ ਵਿਚ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਜਗਦੀਪ ਸਿੰਘ ਚੀਮਾ ਨੂੰ ਹਲਕਾ ਨਿਵਾਸੀਆਂ ਵਲੋਂ ਪੂਰਨ ਸਮਰਥਨ ਦੇਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਪੰਜਾਬ ਦੀ ਅਸਲੀ ਤਰਜਮਾਨੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਕਰ ਸਕਦੀ ਹੈ । ਉਨ੍ਹਾਂ ਸਮੁੱਚੇ ਅਕਾਲੀ ਦਲ ਦੇ ਅਹੁਦੇਦਾਰਾਂ ਪਾਰਟੀ ਵਰਕਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਕਜੁੱਟਤਾ ਨਾਲ ਹੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਪਾਰਟੀ ਇੱਕ ਸਮੁੰਦਰ ਹੈ ਤੇ ਪਾਰਟੀ ਵਿੱਚ ਅਹੁਦੇਦਾਰਾਂ, ਵਰਕਰਾਂ ਨੂੰ ਮਾਣ ਸਨਮਾਨ ਦੇਣ ਲਈ ਬਹੁਤ ਕੁਝ ਹੁੰਦਾ ਹੈ ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਜਗਦੀਪ ਸਿੰਘ ਚੀਮਾ, ਅਮਰਿੰਦਰ ਸਿੰਘ ਲਿਬੜਾ, ਸਤਵਿੰਦਰ ਸਿੰਘ ਟੌਹੜਾ ਦੇ ਨਾਲ ।