ਫ਼ਸਲ ਦੀ ਸੰਭਾਲ ਲਈ ਕਿਸਾਨ ਵਿਗਿਆਨਕ ਤਰੀਕੇ ਅਪਨਾਉਣ : ਡਾ. ਇੰਦਰਪਾਲ ਸੰਧੂ

news makhani

ਪਟਿਆਲਾ, 24 ਸਤੰਬਰ:
ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਇੰਦਰਪਾਲ ਸੰਧੂ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਸਾਂਭ ਸੰਭਾਲ ਲਈ ਵਿਗਿਆਨਕ ਤਰੀਕੇ ਅਪਨਾਉਣ ਦੀ ਅਪੀਲ ਕਰਦਿਆ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਇੰਨ ਸੀਟੂ ਸਕੀਮ ਅਧੀਨ ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਸਬੰਧੀ ਮਸ਼ੀਨਰੀ ਸਬਸਿਡੀ ‘ਤੇ ਉਪਲਬਧ ਕਰਵਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ-ਰਹਿਤ ਬਣਾਉਣ, ਮਿੱਟੀ ਵਿੱਚ ਜੈਵਿਕ ਮਾਦਾ ਵਧਾਉਣ, ਮਿੱਤਰ ਕੀੜੀਆਂ ਦੀ ਸੰਭਾਲ ਅਤੇ ਖਾਦਾਂ ਦੀ ਵਰਤੋਂ ਘਟਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਵਿਗਿਆਨ ਤਰੀਕਿਆਂ ਨਾਲ ਇਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਮਸ਼ੀਨਰੀ ਦੀ ਚੋਣ ਕਰਨ ਸਮੇਂ ਜ਼ਮੀਨ ਦੀ ਕਿਸਮ ਅਤੇ ਪਰਾਲੀ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਣ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨ ਹੈਪੀ ਸੀਡਰ ਰਾਹੀਂ ਬੀਜੀ ਕਣਕ ਉਪਰ ਸੁੰਡੀ ਦੇ ਹਮਲੇ ਤੋਂ ਬਚਣ ਲਈ ਝੋਨੇ ਦੀ ਫ਼ਸਲ ਵਿਚ ਹੁਣੇ ਹੀ ਸੁੰਡੀ ਦਾ ਨਿਰੀਖਣ ਕਰਨ ਅਤੇ ਜੇਕਰ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ ਕਿਸਾਨ ਵੀਰ ਐਕਾਲੈਕਸ 40 ਮਿ. ਲੀ ਦਾ ਸਪਰੇਅ ਕਰਨ ਤਾਂ ਜੋ ਸੁੰਡੀ ਦੇ ਹਮਲੇ ਨੂੰ ਝੋਨੇ ਦੀ ਫ਼ਸਲ ਉਪਰ ਹੀ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਝੋਨੇ ਦੀਆਂ ਲੇਟ ਪੱਕਣ ਵਾਲੀਆਂ ਕਿਸਮਾਂ ਵਾਲੇ ਖੇਤਾਂ ਵਿੱਚ ਸੁੰਡੀ ਨੇ ਪਰਾਲੀ ਦੇ ਹੇਠਾਂ ਦੱਬ ਜਾਣ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ ਕੀਤਾ ਸੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਕਲੋਰੋਪਾਇਰੀਫਾਸ  ਦਵਾਈ ਨਾਲ ਜ਼ਰੂਰ ਸੋਧ ਲੈਣ ।

Spread the love