-ਡਿਪਟੀ ਕਮਿਸ਼ਨਰ ਨੇ ਗੰਭੀਰ ਬੀਮਾਰੀਆਂ ਨਾਲ ਪੀੜਤ ਕੋਵਿਡ ਪਾਜੀਟਿਵ ਮਰੀਜ਼ਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣ ਦੀ ਅਪੀਲ ਕੀਤੀ
ਕਿਹਾ, ਮਰੀਜ਼ਾਂ ਦੀ ਸੁਵਿਧਾ ਲਈ ਜ਼ਿਲ੍ਹੇ ’ਚ ਉਪਲਬੱਧ ਹੈ ਅਡਵਾਂਸ ਲਾਈਫ ਸਪੋਰਟਸ ਐਂਬੂਲੈਂਸ, ਜ਼ਿਲ੍ਹਾ ਹਸਪਤਾਲਾਂ ’ਚ ਕੋਵਿਡ ਮਰੀਜਾਂ ਲਈ ਜਲਦ ਸਥਾਪਿਤ ਹੋਵੇਗਾ ਡਾਇਲਸਿਸ ਯੂਨਿਟ
ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਪਚੰਾਇਤਾਂ ਵਲੋਂ ਸਿਹਤ ਟੀਮਾਂ ਨੂੰ ਸਹਿਯੋਗ ਕਰਨ ਲਈ ਪਾਏ ਗਏ ਮਤੇ ਪ੍ਰਸ਼ੰਸਾਯੋਗ ਕਦਮ
ਸਿਹਤ ਵਿਭਾਗ, ਨਗਰ ਨਿਗਮ ਤੇ ਨਗਰ ਕੌਂਸਲਾਂ ਦੀ ਬੇਹਤਰੀਨ ਕਾਰਗੁਜਾਰੀ ਦੇ ਚੱਲਦਿਆਂ ਜ਼ਿਲ੍ਹੇ ’ਚ ਡੇਂਗੂ ਤੇ ਮਲੇਰੀਆ ਦੇ ਨਾਮਾਤਰ ਹੀ ਮਾਮਲੇ
ਹੁਸ਼ਿਆਰਪੁਰ, 24 ਸਤੰਬਰ:
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ-19 ਆਪਣੀ ਚਰਮ ਸੀਮਾ ’ਤੇ ਹੈ, ਇਸ ਸਮੇਂ ਲੋਕਾਂ ਨੂੰ ਪਹਿਲਾਂ ਤੋਂ ਵੀ ਵੱਧ ਸਾਵਧਾਨੀਆਂ ਅਪਨਾਉਣ ਦੀ ਜ਼ਰੂਰਤ ਹੈ। ਜਦ ਤੱਕ ਕੋਵਿਡ ਨਾਲ ਸਬੰਧਤ ਕੋਈ ਵੈਕਸੀਨ ਨਹੀਂ ਆ ਜਾਂਦੀ, ਉਦੋਂ ਤੱਕ ਅਸੀਂ ਸਾਰੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਤੋਂ ਬੱਚ ਸਕਦੇ ਹਾਂ। ਉਹ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਫੇਸਬੁੱਕ ਪੇਜ ’ਤੇ ਲਾਈਵ ਸੈਸ਼ਨ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 6 ਮਹੀਨਿਆਂ ਤੋਂ ਮੌਜੂਦਾ ਸਮੇਂ ਵਿੱਚ ਸਭ ਤੋਂ ਵੱਧ ਪਾਜੀਟਿਵ ਮਰੀਜ਼ ਆ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਲਈ ਸਾਨੂੰ ਸਾਵਧਾਨੀਆਂ ਅਪਨਾਉਣ ਵਿੱਚ ਕੋਈ ਢਿੱਲ ਨਹੀਂ ਵਰਤਣੀ ਚਾਹੀਦੀ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕੋਵਿਡ-19 ਸਬੰਧੀ ਜ਼ਿਲ੍ਹੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਸੈਂਪÇਲੰਗ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਰੋਜ਼ਾਨਾ ਕਰੀਬ 2000 ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 43 ਹਾਟਸਪਾਟ, 1 ਕੰਟੇਨਮੈਂਟ ਜ਼ੋਨ ਅਤੇ 2 ਮਾਈ¬ਕ੍ਰੋ ਕੰਟੇਨਮੈਂਟ ਜੋਨ ਹਨ। ਉਨ੍ਹਾਂ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਕੋਵਿਡ-19 ਮਰੀਜ਼ਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਮਰੀਜ ਗੰਭੀਰ ਬੀਮਾਰੀਆਂ ਨਾਲ ਪੀੜਤ ਹਨ, ਉਹ ਹਸਪਤਾਲ ਵਿੱਚ ਹੀ ਆਪਣਾ ਇਲਾਜ ਕਰਵਾਉਣ ਤਾਂ ਜੋ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਆਕਸੀਜਨ ਜਾਂ ਵੈਂਟੀਲੇਟਰ ਦੀ ਸੁਵਿਧਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਲਿਖਤ ਤੌਰ ’ਤੇ ਦਿੰਦੇ ਹਨ ਕਿ ਉਹ ਆਪਣੇ ਮਰੀਜ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਕਰਵਾਉਣਗੇ। ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਮਰੀਜਾਂ ਦੀ ਮੌਤ ਵੀ ਹੋਈ ਹੈ ਜੋ ਕਿ ਕਾਫ਼ੀ ਦੁੱਖ ਦੀ ਗੱਲ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਲਈ ਸਿਹਤ ਵਿਭਾਗ ਨੂੰ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਗੰਭੀਰ ਬੀਮਾਰੀਆਂ ਨਾਲ ਪੀੜਤ ਮਰੀਜ ਨੂੰ ਜ਼ਿਲ੍ਹੇ ਅਤੇ ਜ਼ਿਲ੍ਹੇ ਦੇ ਬਾਹਰ ਹਸਪਤਾਲਾਂ ਵਿੱਚ ਲਿਜਾਉਣ ਲਈ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਵੀ ਉਪਲਬੱਧ ਹੈ, ਜਿਸ ਵਿੱਚ ਵੈਂਟੀਲੇਟਰ ਤੇ ਆਕਸੀਜਨ ਦੀ ਸੁਵਿਧਾ ਹੈ। ਉਨ੍ਹਾਂ ਕਿਹਾ ਕਿ 108 ਨੰਬਰ ਡਾਇਲ ਕਰਕੇ ਇਸ ਐਂਬੂਲੈਂਸ ਦੀ ਸੇਵਾ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਵਿੱਚ ਕੋਵਿਡ-19 ਮਰੀਜਾਂ ਲਈ ਵਿਸ਼ੇਸ਼ ਡਾਇਲਸਿਸ ਯੂਨਿਟ ਵੀ ਸਥਾਪਿਤ ਕੀਤਾ ਜਾ ਰਿਹਾ ਹੈ, ਤਾਂ ਜੋ ਕੋਵਿਡ ਮਰੀਜਾਂ ਨੂੰ ਜ਼ਿਲ੍ਹੇ ਵਿੱਚ ਹੀ ਸਹੀ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਸਿਹਤ ਜਾਂਚ ਲਈ ਆਕਸੀਮੀਟਰ ਤੇ 6 ਮਿਨਟ ਵਾਕ ਪ੍ਰਕ੍ਰਿਆ ਬਾਰੇ ਵੀ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਵਿਭਾਗ, ਨਗਰ ਨਿਗਮ ਅਤੇ ਨਗਰ ਕੌਂਸਲਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਚਲਦਿਆਂ ਹੁਣ ਤੱਕ ਕੇਵਲ 10 ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਪਿਛਲੇ ਸਾਲ ਇਸ ਦਿਨ ਤੱਕ 460 ਕੇਸ ਸਾਹਮਣੇ ਆ ਚੁੱਕੇ ਹਨ। ਇਸ ਕੰਮ ਲਈ ਸਿਹਤ ਵਿਭਾਗ ਦੇ ਨਾਲ-ਨਾਲ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਕਰਮਚਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਡੇਂਗੂ, ਮਲੇਰੀਆ, ਟਾਈਫਾਈਡ ਆਦਿ ਬੀਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਜੇਕਰ ਕਿਸੇ ਮਰੀਜ ਵਿੱਚ 3 ਤੋਂ 4 ਦਿਨ ਤੱਕ ਇਨ੍ਹਾ ਬੀਮਾਰੀਆਂ ਦੇ ਲੱਛਣ ਆਉਣ ਤਾਂ ਉਹ ਕੋਰੋਨਾ ਦੀ ਜਾਂਚ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਪੰਚਾਇਤਾਂ ਨੇ ਸਿਹਤ ਟੀਮਾਂ ਨੂੰ ਸਹਿਯੋਗ ਦੇਣ ਸਬੰਧੀ ਮਤੇ ਪਾਸ ਕੀਤੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵਲੋਂ ਦਿੱਤੀਆਂ ਗਈਆਂ ਸਾਵਧਾਨੀਆਂ, ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਮੇਂ-ਸਮੇਂ ’ਤੇ ਹੱਥਾਂ ਨੂੰ ਸਾਫ਼ ਕਰਨਾ ਯਕੀਨੀ ਬਣਾਉਣ ਤਾਂ ਜੋ ਆਪਣੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕੀਏ।