ਹੱਦਾਂ ਸਰਹੱਦਾਂ ਤੋਂ ਉਪਰ ਉੱਠ ਕੇ ਆਪਸੀ ਮੁਹੱਬਤ ਦਾ ਸੰਦੇਸ਼ ਦਿੰਦੀ ਹੈ ਸੰਕੇਤਕ ਭਾਸ਼ਾ – ਗੌਤਮ ਜੈਨ
ਪਟਿਆਲਾ, 6 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ‘ਚ ਦਿਵਿਆਂਗਜਨ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਉਹਨਾਂ ਦੀ ਲੋਕਤੰਤਰਿਕ ਪ੍ਰਕਿਰਿਆ ਵਿੱਚ ਅਹਿਮੀਅਤ ਦੇ ਸੁਨੇਹੇ ਨਾਲ ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਹਰਪਾਲ ਟਿਵਾਣਾ ਕਲਾ ਕੇਂਦਰ ਵਿਚ ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ।
ਹੋਰ ਪੜ੍ਹੋ:-20 ਫਰਵਰੀ ਤੱਕ ਜ਼ਿੰਮੇਵਾਰੀ ਤੁਹਾਡੀ, ਉਸ ਤੋਂ ਬਾਅਦ ਪੰਜਾਬ ਦੀ ਸਾਰੀ ਜ਼ਿੰਮੇਵਾਰੀ ਸਾਡੀ : ਭਗਵੰਤ ਮਾਨ
ਪ੍ਰੋਗਰਾਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਕਮ- ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਗੌਤਮ ਜੈਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਨੇ ਆਏ ਹੋਏ ਮਹਿਮਾਨਾਂ ਅਤੇ ਬੋਲਣ ਸੁਨਣ ਤੋਂ ਅਸਮਰਥ ਵੋਟਰਾਂ ਨੂੰ ਜੀ ਆਇਆਂ ਕਿਹਾ ਅਤੇ ਦਿਵਿਆਂਗਜਨ ਵੋਟਰਾਂ ਲਈ ਜ਼ਿਲ੍ਹਾ ਪਟਿਆਲਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।
ਜ਼ਿਲ੍ਹਾ ਆਇਕਨ ਅਤੇ ਕੋਆਰਡੀਨੇਟਰ ਦਿਵਿਆਂਗਜਨ ਵੋਟਰ ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਦੇ ਪ੍ਰਧਾਨ ਜਗਦੀਪ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਦੱਸਿਆ ਕਿ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੌਰਾਨ 180 ਬੋਲਣ ਸੁਨਣ ਤੋਂ ਅਸਮਰਥ ਵੋਟਰਾਂ ਨੇ ਹਿੱਸਾ ਲਿਆ।
ਇਸ ਮੌਕੇ ਰਿਟਰਨਿੰਗ ਅਫ਼ਸਰ ਗੌਤਮ ਜੈਨ ਵੱਲੋਂ ਸੰਕੇਤਕ ਭਾਸ਼ਾ ਸਬੰਧੀ ਗੱਲ ਕਰਦਿਆਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਅਸੀਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਬੋਲਣ ਵਾਲਿਆਂ ਨੂੰ ਸੰਕੇਤਕ ਭਾਸ਼ਾ ਵਿਚ ਗੱਲ ਕਰਨ ਵਾਲਿਆਂ ਤੋਂ ਸਿੱਖਣ ਦੀ ਲੋੜ ਹੈ। ਜੋ ਹੱਦਾਂ ਸਰਹੱਦਾਂ ਪਾਰ ਕਰ ਇੱਕ ਹੀ ਭਾਸ਼ਾ ਵਿਚ ਗੱਲ ਕਰਦੇ ਨੇ ਅਤੇ ਗਲੋਬਲ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ। ਉਹਨਾਂ ਸਮੂਹ ਵੋਟਰਾਂ ਨੂੰ ਜਾਤ ਪਾਤ, ਧਰਮ, ਲਾਲਚ ਤੋਂ ਉਪਰ ਉੱਠ ਕੇ 20 ਫਰਵਰੀ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਵਾਰ 6 ਪੋਲਿੰਗ ਬੂਥ ਅਜਿਹੇ ਹੋਣਗੇ ਜਿਨ੍ਹਾਂ ਦਾ ਪੂਰਾ ਪ੍ਰਬੰਧ ਹੀ ਦਿਵਿਆਂਗਜਨ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ ਤਾਂ ਜੋ ਉਹ ਵੀ ਮਜ਼ਬੂਤ ਲੋਕਤੰਤਰ ਦੀ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਪਾ ਸਕਣ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹਾ ਸਵੀਪ ਟੀਮ ਦਾ ਮਕਸਦ ਹੈ ਕਿ ਹਰ ਇੱਕ ਵੋਟਰ ਤੱਕ ਨਿੱਜੀ ਪਹੁੰਚ ਕਰ ਕੇ ਲੋਕਤੰਤਰ ਦੀ ਮਜ਼ਬੂਤੀ ਲਈ 100 ਫ਼ੀਸਦੀ ਭਾਗੀਦਾਰੀ ਯਕੀਨੀ ਬਣਾਈਏ। ਜ਼ਿਲ੍ਹਾ ਨੋਡਲ ਅਫ਼ਸਰ ਦਿਵਿਆਂਗਜਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਨੇ ਭਾਰਤੀ ਚੋਣ ਕਮਿਸ਼ਨ ਦੀ ਪੀ.ਡਬਲਿਊ ਐਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਚੋਣਾਂ ਵਾਲੇ ਦਿਨ ਦਿਵਿਆਂਗਜਨ ਅਤੇ 80 ਤੋਂ ਵਧੇਰੇ ਉਮਰ ਵਾਲੇ ਵੋਟਰਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਟ੍ਰੇਨਿੰਗ ਕਰਵਾਈ।
ਇਸ ਮੌਕੇ ਜ਼ਿਲ੍ਹਾ ਮਾਸਟਰ ਟਰੇਨਰ ਨਰਿੰਦਰ ਸਿੰਘ ਢੀਂਡਸਾ ਅਤੇ ਪਟਿਆਲਾ ਦਿਹਾਤੀ ਦੇ ਮਾਸਟਰ ਟਰੇਨਰ ਬਰਜਿੰਦਰ ਸਿੰਘ ਟੌਹੜਾ ਵੱਲੋਂ ਈ ਵੀ ਐਮ ਅਤੇ ਵੀ ਵੀ ਪੈਟ ਮਸ਼ੀਨਾਂ ਉਪਰ ਵੋਟ ਪਾਉਣ ਦੀ ਟ੍ਰੇਨਿੰਗ ਦਿੱਤੀ। ਜ਼ਿਲ੍ਹਾ ਆਈਕਨ ਦਿਵਿਆਂਗਜਨ ਅਤੇ ਕੋਆਰਡੀਨੇਟਰ ਦਿਵਿਆਂਗਜਨ ਜਗਦੀਪ ਸਿੰਘ ਵੱਲੋਂ ਸਮੂਹ ਵੋਟਰਾਂ ਨੂੰ ਜਾਤ ਪਾਤ ਧਰਮ ਅਤੇ ਲਾਲਚ ਤੋਂ ਉਪਰ ਉੱਠ ਕੇ ਵੋਟ ਪਾਉਣ ਦੀ ਕਸਮ ਚੁਕਾਈ ਅਤੇ ਭਰੋਸਾ ਦਿੱਤਾ ਕਿ ਪਟਿਆਲਾ ਜ਼ਿਲ੍ਹੇ ਦੇ ਸਮੂਹ ਦਿਵਿਆਂਗਜਨ ਵੋਟਰ ਜਿਨ੍ਹਾਂ ਦੀ ਗਿਣਤੀ 12580 ਹੈ, ਵੋਟ ਦੇ ਹੱਕ ਦਾ ਇਸਤੇਮਾਲ ਕਰ ਨਵਾਂ ਅਧਿਆਇ ਲਿਖਣਗੇ। ਇਸ ਮੌਕੇ ਬੋਲਣ ਸੁਨਣ ਤੋਂ ਅਸਮਰਥ ਏਸ਼ੀਆ ਅਤੇ ਪੈਸਫਿਕ ਇੰਡੀਆ ਦੇ ਕੋਆਰਡੀਨੇਟਰ ਅਮਨਦੀਪ ਸ਼ਰਮਾ ਜੋ ਪਟਿਆਲਾ ਵਾਸੀ, ਗਲੋਬਲ ਡੈਫ ਅੰਬੈਸਡਰ ਪੋਲੈਂਡ ਦੇ ਕੈਮਿਲਾ ਮੈਕਿਉਸ ਚੌਮਸਕੀ ਅਤੇ ਕੈਲਵਿਨ ਯੰਗ ਅਮਰੀਕਾ ਅਤੇ ਫਰਹਾਨ ਅਹਿਮਦ ਭਾਰਤੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਦੋ ਭਾਸ਼ੀਆ ਦੀ ਜ਼ੁੰਮੇਵਾਰੀ ਰਵਿੰਦਰ ਕੌਰ ਅਤੇ ਅਨੂ ਅਧਿਆਪਕ ਪਟਿਆਲਾ ਸਕੂਲ ਫ਼ਾਰ ਡੈਫ ਸੈਫਦੀਪੁਰ ਵੱਲੋਂ ਨਿਭਾਈ ਗਈ।