ਪਟਿਆਲਾ, 17 ਫਰਵਰੀ 2022
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ‘ਚ ਅੱਜ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਖੇਡਿਆ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਦੀ ਦੇਖ-ਰੇਖ ‘ਚ ਹੋਏ ਇਸ ਸਮਾਗਮ ਦੌਰਾਨ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਲੋਕਤੰਤਰ ਦਾ ਤਿਉਹਾਰ’ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਤਨੂਜਾ, ਕਿਰਨ, ਸ਼ਰਨਜੀਤ ਸਿੰਘ ਚੀਮਾ, ਜੈਸਮੀਨ ਖੰਘੂੜਾ ਤੇ ਰਿੱਕੀ ਅਧਾਰਿਤ ਟੀਮ ਨੇ ਖੇਡਿਆ।
ਹੋਰ ਪੜ੍ਹੋ :- ਜ਼ਿਲੇ ਅੰਦਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ
ਜਿਸ ਰਾਹੀਂ ਕਲਾਕਾਰਾਂ ਨੇ ਵੱਖ-ਵੱਖ ਕਿਰਦਾਰਾਂ ਰਾਹੀਂ ਵੱਧ ਤੋਂ ਵੱਧ ਵੋਟਾਂ ਪਾਉਣ, ਚੋਣ ਕਮਿਸ਼ਨ ਦੀਆਂ ਸਹੂਲਤਾਂ ਦਾ ਫ਼ਾਇਦਾ ਉਠਾਉਣ ਤੇ ਚੋਣ ਪ੍ਰਣਾਲੀ ਦੇ ਹੋਰਨਾਂ ਪੱਖਾਂ ‘ਤੇ ਚਾਨਣਾ ਪਾਇਆ। ਇਸ ਮੌਕੇ ਹਾਜ਼ਰ ਦਰਸ਼ਕਾਂ ਨੇ ਸੌ ਫ਼ੀਸਦੀ ਮਤਦਾਨ ਕਰਨ ਲਈ ਸਹੁੰ ਵੀ ਚੁੱਕੀ।
ਇਸ ਮੌਕੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਮੁਲਾਜ਼ਮਾਂ ਤੇ ਨੌਜਵਾਨਾਂ ਦੀ ਬਹੁਤ ਅਹਿਮ ਭੂਮਿਕਾ ਹੈ। ਜਿਸ ਲਈ ਮੁਲਾਜ਼ਮਾਂ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਹੋਰਨਾਂ ਵੋਟਰਾਂ ਨੂੰ ਵੀ ਮਤਦਾਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਮੁਲਾਜ਼ਮ ਵਰਗ ਦੇ ਸੌ ਫ਼ੀਸਦੀ ਮਤਦਾਨ ਲਈ ਪਹਿਲਾਂ ਤੋਂ ਹੀ ਸਰਗਰਮੀਆਂ ਆਰੰਭ ਕੀਤੀਆਂ ਹੋਈਆਂ ਹਨ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਚੋਣ ਮਿੱਤਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜਿਸ ਲਈ ਨੌਜਵਾਨਾਂ ਖ਼ਾਸ ਕਰਕੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਵੈ-ਇੱਛਾ ਨਾਲ ਬਜ਼ੁਰਗ, ਦਿਵਿਆਂਗ ਤੇ ਹੋਰਨਾਂ ਲੋੜਵੰਦ ਵੋਟਰਾਂ ਨੂੰ ਮਤਦਾਨ ਕੇਂਦਰ ਤੱਕ ਲਿਆਉਣ ‘ਚ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਪ੍ਰੋ. ਅੰਟਾਲ ਨੇ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਲਾਭ ਲੈਣ ਸਬੰਧੀ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਐਪਸ ਤੇ ਉਪਲਬਧ ਹਨ, ਜਿਨ੍ਹਾਂ ਰਾਹੀਂ ਨੌਜਵਾਨ ਹੋਰਨਾਂ ਵੋਟਰਾਂ ਲਈ ਸਹਾਈ ਸਿੱਧ ਹੋ ਸਕਦੇ ਹਨ। ਇਸ ਮੌਕੇ ਵਰਿੰਦਰ ਸਿੰਘ ਟਿਵਾਣਾ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮਤਦਾਨ ਕਰਨ ਤੇ ਹੋਰਨਾਂ ਵੋਟਰਾਂ ਦੀ ਮਦਦ ਕਰਨ। ਇਸ ਮੌਕੇ ਮਿੰਨੀ ਸਕੱਤਰੇਤ ‘ਚ ਤਾਇਨਾਤ ਵੱਖ-ਵੱਖ ਅਦਾਰਿਆਂ ਦੇ ਮੁਲਾਜ਼ਮ ਤੇ ਆਮ ਲੋਕ ਵੱਡੀ ਗਿਣਤੀ ‘ਚ ਹਾਜ਼ਰ ਸਨ।
ਮਿੰਨੀ ਸਕੱਤਰੇਤ ਪਟਿਆਲਾ ਵਿਖੇ ਸਵੀਪ ਮੁਹਿੰਮ ਦੌਰਾਨ ਨੁੱਕੜ ਨਾਟਕ ਲੋਕਤੰਤਰ ਦਾ ਤਿਉਹਾਰ ਦੇ ਮੰਚਨ ਮੌਕੇ, ਸੌ ਫ਼ੀਸਦੀ ਮਤਦਾਨ ਕਰਨ ਦੀ ਸਹੁੰ ਚੁੱਕਦੇ ਹੋਏ ਕਲਾਕਾਰ ਤੇ ਦਰਸ਼ਕ।