20 ਫਰਵਰੀ ਨੂੰ ਵੋਟਾਂ ਵਾਲੇ ਦਿਨ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ
48-ਘੰਟਿਆਂ ਦੇ ਡਰਾਈ ਡੇਅ ਦਾ ਐਲਾਨ, ਅਧਿਕਾਰੀਆਂ ਨੂੰ ਜਿਲ੍ਹੇ ਭਰ ‘ਚ ਪ੍ਰੀ-ਪੋਲ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ
ਅੰਮ੍ਰਿਤਸਰ , 17 ਫਰਵਰੀ 2022
ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਭਾਰਤ ਚੋਣ ਕਮਿਸਨ ਦੀਆਂ ਸਾਰੀਆਂ ਪ੍ਰੀ-ਪੋਲ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਕਿਉਂਕਿ ਪ੍ਰਚਾਰ 20 ਫਰਵਰੀ 2022 ਨੂੰ ਹੋਣ ਵਾਲੇ ਮਤਦਾਨ ਤੋਂ 48 ਘੰਟੇ ਪਹਿਲਾਂ ਬੰਦ ਹੋ ਜਾਵੇਗਾ। ਜਿਲ੍ਹਾ ਪ੍ਰਸਾਸਨ ਵੱਲੋਂ ਪੋਲਿੰਗ ਤੋਂ ਪਹਿਲਾਂ 48 ਘੰਟੇ ਦੇ ਡਰਾਈ ਡੇਅ ਤੋਂ ਇਲਾਵਾ 10 ਮਾਰਚ, 2022 ਨੂੰ ਗਿਣਤੀ ਵਾਲੇ ਦਿਨ ਵੀ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ।
ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਲਈ ਪ੍ਰਚਾਰ ਕਰ ਰਹੇ ਸਾਰੇ ਸਿਆਸੀ ਕਾਰਕੁੰਨਾਂ ਅਤੇ ਬਾਹਰੀ ਲੋਕਾਂ ਨੂੰ ਚੋਣ ਪ੍ਰਚਾਰ ਬੰਦ ਕਰਕੇ ਤੁਰੰਤ ਹਲਕਾ ਛੱਡ ਕੇ ਜਾਣਾ ਪਵੇਗਾ। ਅਜਿਹੇ ਕਾਰਕੁੰਨ ਅਤੇ ਸਿਆਸੀ ਆਗੂ, ਜਿਹੜੇ ਬਾਹਰੋਂ ਆਏ ਹਨ ਅਤੇ ਹਲਕੇ ਦੇ ਵੋਟਰ ਨਹੀਂ ਹਨ, ਚੋਣ ਪ੍ਰਚਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਹਲਕੇ ਵਿੱਚ ਨਹੀਂ ਰਹਿ ਸਕਦੇ। ਸ: ਖਹਿਰਾ ਨੇ ਸਮੁੱਚੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਾਰੇ ਬਾਹਰੀ ਸਿਆਸੀ ਲੋਕਾਂ ਨੂੰ ਚੋਣ ਕਮਿਸਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਣ ਲਈ ਕਿਹਾ ਤਾਂ ਜੋ ਆਜਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਸਿਵਲ ਅਤੇ ਪੁਲਿਸ ਪ੍ਰਸਾਸਨ ਵੱਲੋਂ ਲੋਜਿਜ ਅਤੇ ਗੈਸਟ ਹਾਊਸਾਂ ਵਿੱਚ ਰਹਿਣ ਵਾਲਿਆਂ ਦੀ ਸੂਚੀ ‘ਤੇ ਨਜਰ ਰੱਖਣ ਲਈ ਇਥੇ ਪੜਤਾਲ ਕਰਨ ਤੋਂ ਇਲਾਵਾ ਕਮਿਊਨਿਟੀ ਹਾਲਾਂ ਦੀ ਚੈਕਿੰਗ ਕੀਤੀ ਜਾਵੇਗੀ, ਜਿੱਥੇ ਬਾਹਰੀ ਵਿਅਕਤੀਆਂ/ਸਿਆਸੀ ਕਾਰਕੁੰਨਾਂ ਨੂੰ ਰੱਖਿਆ ਜਾ ਸਕਦਾ ਹੈ। ਜਿਲ੍ਹਾ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਹਲਕੇ ਦੇ ਬਾਹਰ ਤੋਂ ਵਾਹਨਾਂ ਦੀ ਆਵਾਜਾਈ ‘ਤੇ ਨਜਰ ਰੱਖਣ ਲਈ ਹਲਕਿਆਂ ਦੀਆਂ ਸਰਹੱਦਾਂ ‘ਤੇ ਚੈਕ-ਪੋਸਟ ਸਥਾਪਤ ਕੀਤੀਆਂ ਜਾਣਗੀਆਂ । ਲੋਕਾਂ/ਲੋਕਾਂ ਦੇ ਸਮੂਹਾਂ ਦੀ ਪਛਾਣ ਵੀ ਚੈੱਕ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਵੋਟਰ ਹਨ ਜਾਂ ਨਹੀਂ।
ਸਵੇਰੇ 8 ਵਜੇ ਤੋਂ ਸਾਮ 6 ਵਜੇ ਤੱਕ ਪੈਣਗੀਆਂ ਵੋਟਾਂ, ਵੋਟਿੰਗ ਅਤੇ ਗਿਣਤੀ ਵਾਲੇ ਦਿਨ ਡਰਾਈ ਡੇਅ ਘੋਸ਼ਿਤ:
ਜਿਲ੍ਹਾ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਵਿੱਚ 18 ਫਰਵਰੀ ਦੀ ਸਾਮ ਤੋਂ ਵੋਟਿੰਗ ਮੁਕੰਮਲ ਹੋਣ ਤੱਕ 48 ਘੰਟਿਆਂ ਦਾ ਡਰਾਈ ਡੇਅ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਟਲਾਂ, ਰੈਸਟੋਰੈਂਟਾਂ, ਬਾਰਾਂ ਜਾਂ ਹੋਰ ਦੁਕਾਨਾਂ ‘ਤੇ ਸਰਾਬ ਦੀ ਵਿਕਰੀ ਅਤੇ ਵੰਡ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 10 ਮਾਰਚ, 2022 ਨੂੰ ਗਿਣਤੀ ਵਾਲੇ ਦਿਨ ਵੀ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ।