18 ਫਰਵਰੀ ਨੂੰ ਸ਼ਾਮ 6 ਵਜੇ ਤੋਂ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਚਾਰ ਉਪਰ ਪੂਰਨ ਤੌਰ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ

ਬਾਹਰੋਂ ਆਏ ਵਿਅਕਤੀਆਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਜ਼ਿਲ੍ਹਾ ਛੱਡਣ ਦੇ ਹੁਕਮ
18 ਫ਼ਰਵਰੀ ਸ਼ਾਮ 6 ਵਜੇ ਤੋਂ 20 ਫ਼ਰਵਰੀ ਨੂੰ ਵੋਟਿੰਗ ਦਾ ਅਮਲ ਖਤਮ ਹੋਣ ਤੱਕ ਡਰਾਈ ਡੇ ਘੋਸ਼ਿਤ

ਗੁਰਦਾਸਪੁਰ, 17 ਫਰਵਰੀ 2022

ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਵਲੋਂ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਚਾਰ ਤੇ 18 ਫ਼ਰਵਰੀ ਸ਼ਾਮ 6 ਵਜੇ ਤੋਂ ਪੂਰਨ ਤੌਰ ਤੇ ਪਾਬੰਦੀ ਹੋਵੇਗੀ ਅਤੇ ਕਿਸੇ ਵੀ ਵਿਅਕਤੀ ਵਲੋਂ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ :- ਸਾਰੀਆਂ ਪਾਰਟੀਆਂ ਸਾਨੂੰ ਹਰਾਉਣ ਲਈ ਇੱਕਠੀਆਂ ਹੋ ਗਈਆਂ, ਤੁਸੀਂ ਜਿੱਤਣ ਲਈ ਇੱਕਠੇ ਹੋ ਜਾਓ: ਅਰਵਿੰਦ ਕੇਜਰੀਵਾਲ

ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਨੇ ਕਿਹਾ ਜਿਹੜੇ ਬਾਹਰੋਂ ਆਏ ਵਿਅਕਤੀ ਹਨ ਤੇ ਵਿਧਾਨ ਸਭਾ ਹਲਕੇ ਦੇ ਵੋਟਰ ਨਹੀਂ ਹਨ, ਉਹ ਵਿਧਾਨ ਸਭਾ ਹਲਕੇ ਵਿਚ ਮੌਜੂਦ ਨਹੀਂ ਰਹਿ ਸਕਣਗੇ ਕਿਉਂਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਮੌਜੂਦਗੀ ਨਿਰਪੱਖ ਮਤਦਾਨ ਪ੍ਰਕਿਰਿਆ ਵਿਚ ਖਲਲ ਪੈਦਾ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ/ਕਰਮਚਾਰੀ ਜਾਂ ਉਡਣ ਦਸਤਿਆਂ ਵਲੋਂ ਯਕੀਨੀ ਬਣਉਣ ਲਈ ਕਿਸੇ ਵੀ ਵਿਅਕਤੀ ਦਾ ਵੋਟਰ ਕਾਰਡ ਚੈੱਕ ਕੀਤਾ ਜਾ ਸਕਦਾ ਹੈ ਕੀ ਉਹ ਜ਼ਿਲ੍ਹਾ ਨਿਵਾਸੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੁਲਿਸ, ਰਿਟਰਨਿੰਗ ਅਫ਼ਸਰ ਅਤੇ ਉਡਣ ਦਸਤਿਆਂ ਵਲੋਂ ਸਾਰੇ ਹੋਟਲਾਂ,ਗੈੱਸਟ ਹਾਊਸ,ਮੈਰਿਜ ਪੈਲੇਸਾਂ ਅਤੇ ਰੈਸਤਰਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਬਾਹਰੇ ਵਿਅਕਤੀ ਦੇ ਨਾ ਠਹਿਰੇ ਹੋਣ ਦੀ ਸਥਿਤੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਗੈੱਸਟ ਹਾਊਸ ਜਾਂ ਹੋਟਲਾਂ ਦੇ ਮਾਲਕ ਇਹ ਯਕੀਨੀ ਬਣਾਉਣ ਕਿ ਬਾਹਰਲੇ ਹਲਕੇ ਦਾ ਵਿਅਕਤੀ ਨਿਰਧਾਰਿਤ ਦਿਨਾਂ ਦੌਰਾਨ ਹੋਟਲ ਜਾਂ ਗੈੱਸਟ ਹਾਊਸ ਵਿਚ ਨਾ ਰੁਕੇ ।

ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਦੀਆਂ ਸੀਮਾਵਾਂ ਅੰਦਰ ਮਿਤੀ 18 ਫ਼ਰਵਰੀ ਸ਼ਾਮ 06.00 ਵਜੇ ਤੋਂ 20 ਫ਼ਰਵਰੀ ਨੂੰ ਵੋਟਿੰਗ ਦਾ ਅਮਲ ਖਤਮ ਹੋਣ ਤੱਕ ਤੇ ਮਿਤੀ 10-03-2022 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਕਿਸੇ ਵੀ ਵਿਅਕਤੀ ਦੁਆਰਾ ਸ਼ਰਾਬ ਸਟੋਰ ਕਰਨ ਅਤੇ ਵੇਚਣ ਤੇ ਪੂਰਨ ਤੌਰ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੋਟਲਾ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਤੇ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ, ਤੇ ਵੀ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਇਨ੍ਹਾਂ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਆਦਿ ਵੇਚਣ, ਸਟੋਰ ਕਰਨ ਅਤੇ ਜਨਤਕ ਥਾਵਾਂ ਭਾਵ ਹੋਟਲਾਂ, ਰੈਸਟੋਰੈਂਟਾਂ ਵਿਚ ਸ਼ਰਾਬ ਵੇਚਣ, ਵਰਤਣ ਤੇ ਪਾਬੰਦੀ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਜ਼ਿਲਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਵਿਧਾਨ ਸਭਾ ਚੋਣਾਂ ਦੇ ਮਤਦਾਨ ਦੀ ਮੁਕੰਮਲਤਾ ਦੇ 48 ਘੰਟੇ ਪਹਿਲਾਂ (18 ਫਰਵਰੀ ਦੀ ਸ਼ਾਮ 6 ਵਜੇ ਤੋਂ ਸ਼ੁਰੂ ਹੋ ਕੇ 20 ਫਰਵਰੀ ਦੀ ਸ਼ਾਮ ਮਤਦਾਨ ਮੁਕੰਮਲ ਹੋਣ ਤਕ) ਇਲੈਕਟ੍ਰਾਨਿਕ ਮੀਡੀਆ (ਟੀ.ਵੀ ਚੈਨਲ, ਸ਼ੋਸਲ ਮੀਡੀਆ, ਮੋਬਾਇਲ ਐਸ.ਐਮ.ਐਸ ਜਾਂ ਪ੍ਰੀ ਰਿਕਾਰਡਡ ਸੁਨੇਹੇ) ਆਦਿ ਤੇ ਸਿਆਸੀ ਇਸ਼ਤਿਹਾਰਬਾਜ਼ੀ/ਪ੍ਰਚਾਰ ਤੇ ਪਾਬੰਦੀ ਰਹੇਗੀ।

ਉਨਾਂ ਦੱਸਿਆ ਕਿ ਪਿ੍ਰੰਟ ਮੀਡੀਆ (ਈ-ਪੇਪਰ ਨਹੀਂ) 19 ਅਤੇ 20 ਫਰਵਰੀ ਨੂੰ ਛਪਣ ਵਾਲੇ ਸਿਆਸੀ ਇਸ਼ਤਿਹਾਰਾਂ ਲਈ ਮੀਡੀਆ ਸਰਟੀਫਿਕੇਸ਼ਨ ਤੋ ਮੋਨਟਰਿੰਗ ਕਮੇਟੀ ਕਮਰਾ ਨੰਬਰ 314, ਬਲਾਕ ਏ, ਦੂਜੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ,ਗੁਰਦਾਸਪੁਰ ) ਪਾਸੋਂ ਅਗਾਊਂ ਪ੍ਰਵਾਨਗੀ ਲਾਜ਼ਮੀ ਹੋਵੇਗੀ।ਉਨਾਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਪਿ੍ਰੰਟ ਮੀਡੀਆ ਵਿਚ ਸਿਆਸੀ ਇਸ਼ਤਿਹਾਰਾਂ ਲਈ ਮੀਡੀਆ ਸਰਟੀਫਿਕੇਸ਼ਨ ਤੇ ਮੋਨਟਰਿੰਗ ਕਮੇਟੀ ਤੋਂ ਪ੍ਰਵਾਨਗੀ ਜਰੂਰ ਲੈਣ।

ਉਨਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਵੋਟਰ ਵਲੋਂ ਬਿਨ੍ਹਾਂ ਕਿਸੇ ਡਰ,ਭੈਅ ਤੇ ਲਾਲਚ ਤੋਂ ਆਪਣੇ ਜ਼ਮਹੂਰੀ ਹੱਕ ਦੇ ਇਸਤੇਮਾਲ ਨੂੰ ਯਕੀਨੀ ਬਣਾਉਣ ਲਈ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ 20 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪੋਲਿੰਗ ਬੂਥਾਂ ਦੀ ਵੈਬ ਕਾਸਟਿੰਗ ਜਾਂ ਵੀਡੀਓਗ੍ਰਾਫ਼ੀ ਕਰਵਾਉਣ ਨੂੰ ਯਕੀਨੀ ਬਣਾਉਣ ।

Spread the love