ਅਧਿਕਾਰੀਆਂ ਨੂੰ ਜਨਗਣਨਾ ਸਬੰਧੀ ਜਾਣਕਾਰੀ ਤੱਥਾਂ ਅਧਾਰਿਤ ਦੇਣ ਦੀ ਹਦਾਇਤ
ਰੂਪਨਗਰ 25 ਫਰਵਰੀ 2022
ਜਨਗਣਨਾ 2021 ਪੂਰਨ ਰੂਪ ਵਿੱਚ ਡਿਜ਼ੀਟਲਾਇਜ਼ ਹੋਵੇਗੀ ਅਤੇ ਮੋਬਾਇਲ ਐਪ ਰਾਹੀਂ ਹਰ ਘਰ ਅਤੇ ਵਿਅਕਤੀ ਬਾਰੇ ਜਾਣਕਾਰੀ ਅਪਲੋਡ ਕੀਤੀ ਜਾਵੇਗੀ ਜਿਸ ਨੂੰ ਲਗਭਗ 1.5 ਸਾਲ ਵਿੱਚ ਮੁਕੰਮਲ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ, ਡਾਇਰੈਕਟੋਰੇਟ ਜਨਗਣਨਾ ਆਪ੍ਰੇਸ਼ਨ ਡਾ. ਅਭਿਸ਼ੇਕ ਜੈਨ ਨੇ ਮਿੰਨੀ ਸਕੱਤਰ ਦੀ ਕਮੇਟੀ ਰੂਮ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਹੋਰ ਪੜ੍ਹੋ :-ਲੁਧਿਆਣਾ ‘ਚ ਪਲਸ ਪੋਲੀਓ ਮੁਹਿੰਮ 27 ਫਰਵਰੀ ਤੋਂ
ਅਗਾਮੀ ਹੋਣ ਵਾਲੀ ਜਨਗਣਨਾ ਦੀ ਤਿਆਰੀ ਸਬੰਧੀ ਪ੍ਰਬੰਧ ਕਰਨ ਲਈ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਨਗਣਨਾ 1872 ਤੋਂ ਲੈਕੇ ਹਰ 10 ਸਾਲ ਬਾਅਦ ਕੀਤੀ ਗਈ ਹੈ ਜਿਸ ਦਾ ਇਤਿਹਾਸ ਲਗਭਗ 150 ਸਾਲ ਦਾ ਹੈ ਜੋ ਹੁੱਣ ਤੱਕ 15 ਵਾਰ ਹੋ ਚੁੱਕੀ ਹੈ। ਜਨਗਣਨਾ ਦੌਰਾਨ 70 ਤੋਂ 75 ਵਿਸ਼ਿਆਂ ਨੂੰ ਕਵਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਐਪ ਰਾਹੀਂ ਜਨਗਣਨਾ ਦੀ ਪ੍ਰਕਿਰਿਆ ਨੂੰ ਨੇਪੜੇ ਚਾੜਿਆ ਜਾਵੇਗਾ ਜੋ ਕਿ 16 ਭਸ਼ਾਵਾਂ ਵਿੱਚ ਹੋਵੇਗੀ।
ਡਾ. ਅਭਿਸ਼ੇਕ ਜੈਨ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਹੀ ਜ਼ਿਲ੍ਹਿਆਂ, ਤਹਿਸੀਲਾਂ, ਸ਼ਹਿਰਾਂ, ਪਿੰਡਾਂ ਨਵੀਆਂ ਕਮੇਟੀਆਂ ਆਦਿ ਦੇ ਨਕਸ਼ੇ ਅਪਡੇਟ ਕੀਤਾ ਜਾਣਗੇ ਜਿਸ ਲਈ ਇਹ ਜਰੂਰੀ ਬਣ ਜਾਂਦਾ ਹੈ ਕਿ ਕਾਰਜਕਾਰੀ ਅਫਸਰ ਸਥਾਨਕ ਸਰਕਾਰਾਂ ਵਿਭਾਗ ਅਤੇ ਮਾਲ ਵਿਭਾਗ ਵਲੋਂ ਸਹੀ ਜਾਣਕਾਰੀ ਹੀ ਰਿਪੋਰਟ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਨਗਣਨਾ ਤਹਿਤ ਇਕੱਠੀ ਕੀਤੇ ਗਏ ਅੰਕੜਿਆਂ ਦੇ ਆਧਾਰ ਉੱਤੇ ਹੀ ਲੋਕ ਹਿੱਤ ਲਈ ਨਵੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਜਿਸ ਰਾਹੀਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਨਗਣਨਾ 2021 ਵਿੱਚ ਸ਼ਾਮਿਲ ਵਿਭਾਗਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਇਸ ਕਾਰਗੁਜਾਰੀ ਨੂੰ ਸਹੀ ਤਰੀਕੇ ਨਾਲ ਮੁਕੰਮਲ ਕੀਤਾ ਜਾ ਸਕੇ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਕੇਸ਼ਵ ਗੋਇਲ, ਐਸ.ਡੀ.ਐਮ. ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ. ਪਰਮਜੀਤ ਸਿੰਘ, ਐਸ.ਡੀ.ਐਮ. ਸ. ਰਵਿੰਦਰ ਸਿੰਘ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਤਹਿਸੀਲਦਾਰ ਸ. ਹਰਬੰਸ ਸਿੰਘ, ਮਿਉਂਸਿਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੇ ਕਾਰਜਕਾਰੀ ਇੰਜੀਨੀਅਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।