ਵਿੱਤੀ ਕਮਿਸ਼ਨਰ ਰਾਹੁਲ ਭੰਡਾਰੀ ਵੱਲੋਂ ਸਵੈ-ਸਹਾਇਤਾ ਸਮੂਹਾਂ ਦਾ ਸਨਮਾਨ; ਔਰਤਾਂ ਨੂੰ ਵਿੱਤੀ ਤੌਰ ‘ਤੇ ਸੁਤੰਤਰ ਬਣਨ ਲਈ ਕੀਤਾ ਪ੍ਰੇਰਿਤ
ਐਸ.ਏ.ਐਸ. ਨਗਰ/ਚੰਡੀਗੜ੍ਹ, 8 ਮਾਰਚ 2022
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਪੰਜਾਬ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ.) ਨੇ ਅੱਜ ਇੱਥੇ ਔਰਤਾਂ ਦੀ ਉੱਦਮਤਾ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਇੱਕ ਵਿਸ਼ਾਲ ਸਮਾਗਮ ਕਰਵਾਇਆ।
ਹੋਰ ਪੜ੍ਹੋ :-ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ ਵਿਖੇ ‘ਸਵੈਮਪ੍ਰਭਾ’ ਸਮਾਗਮ ਮਨਾਇਆ ਗਿਆ
ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਵਿੱਤ ਕਮਿਸ਼ਨਰ ਰਾਹੁਲ ਭੰਡਾਰੀ ਨੇ ਔਰਤਾਂ ਨੂੰ ਆਰਥਿਕ ਤੌਰ ‘ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੋ ਔਰਤਾਂ ਸਵੈ ਸਹਾਇਤਾ ਸਮੂਹਾਂ (ਐਸ.ਐਚ.ਜੀ.) ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਕੋਲ ਇੱਕ ਨਿੱਜੀ ਬੈਂਕ ਖਾਤਾ ਅਤੇ ਏ.ਟੀ.ਐਮ. ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਐਸ.ਐਚ.ਜੀ. ਵਿੱਚ ਹਰ ਔਰਤ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਅਤੇ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ।
ਵਿੱਤੀ ਕਮਿਸ਼ਨਰ ਨੇ ਐਸ.ਐਚ.ਜੀਜ਼. ਵੱਲੋਂ ਤਿਆਰ ਕੀਤੇ ਉਤਪਾਦਾਂ ਲਈ ਢੁਕਵੇਂ ਮੰਡੀਕਰਨ, ਬ੍ਰਾਂਡਿੰਗ ਤੇ ਮਾਨਕੀਕਰਨ, ਨਿਰਯਾਤ ਅਤੇ ਆਨਲਾਈਨ ਵਿਕਰੀ ਦੀ ਮਹੱਤਤਾ ਬਾਰੇ ਦੱਸਿਆ।
ਸਟਾਲ ਲਗਾਉਣ ਵਾਲੇ ਵੱਖ -ਵੱਖ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀਜ਼.) ਵਿੱਚ ਏਕਤਾ, ਸੁਆਣੀ ਅਤੇ ਏਕਤਾ (ਤਰਨਤਾਰਨ, ਗੁਰਦਾਸਪੁਰ ਅਤੇ ਬਰਨਾਲਾ), ਸਹਿਜ (ਐਸ.ਏ.ਐਸ. ਨਗਰ), ਗੁਰਕਿਰਪਾ (ਪਟਿਆਲਾ), ਗੁਰੂ ਗੋਬਿੰਦ ਸਿੰਘ ਜੀ (ਬਠਿੰਡਾ), ਏਕਮ ਅਜੀਵਿਕਾ (ਲੁਧਿਆਣਾ), ਮੇਹਰ (ਗੁਰਦਾਸਪੁਰ), ਜੈ ਮਾਂ ਲਕਸ਼ਮੀ ਗਰੁੱਪ (ਹੁਸ਼ਿਆਰਪੁਰ), ਬਾਬਾ ਨਾਨਕ (ਐਸ.ਏ.ਐਸ. ਨਗਰ), ਕ੍ਰਿਸ਼ਨਾ (ਸੰਗਰੂਰ), ਜਾਗ੍ਰਿਤੀ (ਐਸ.ਏ.ਐਸ. ਨਗਰ), ਕ੍ਰਾਂਤੀ ਸੀ.ਐਲ.ਐਫ. (ਪਟਿਆਲਾ), ਨਾਰੀ ਸ਼ਕਤੀ (ਪਠਾਨਕੋਟ), ਕੀਰਤ (ਸੰਗਰੂਰ), ਜੀਵਨ ਅਜੀਵਿਕਾ (ਪਟਿਆਲਾ), ਗ੍ਰੀਨ ਗੋਲਡ (ਗੁਰਦਾਸਪੁਰ), ਜ਼ਫ਼ਰਵਾਲ (ਗੁਰਦਾਸਪੁਰ), ਪ੍ਰਿੰਸ, ਰੋਸ਼ਨੀ (ਗੁਰਦਾਸਪੁਰ), ਏਕਓਂਕਾਰ (ਬਠਿੰਡਾ), ਅਮਨਦੀਪ ਮਾਹਰਾ (ਪਟਿਆਲਾ) ਅਤੇ ਕੁਦਰਤ (ਐਸ.ਏ.ਐਸ. ਨਗਰ) ਸ਼ਾਮਲ ਹਨ।
ਵਿੱਤ ਕਮਿਸ਼ਨਰ ਨੇ ਨਰੇਗਾ ਤਹਿਤ ਕੰਮ ਕਰਨ ਵਾਲੇ ਕਾਮਿਆਂ ਤੋਂ ਇਲਾਵਾ ਸਵੈ ਸਹਾਇਤਾ ਸਮੂਹਾਂ ਨੂੰ ਵੀ ਸਨਮਾਨਿਤ ਕੀਤਾ।
ਮਾਨਸਾ ਦੀਆਂ ਲੜਕੀਆਂ ਦੀ ਟੀਮ ਨੇ ਗਿੱਧੇ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ, ਜੁਆਇੰਟ ਡਾਇਰੈਕਟਰ ਸਰਬਜੀਤ ਸਿੰਘ ਵਾਲੀਆ, ਡਿਪਟੀ ਡਾਇਰੈਕਟਰ ਸੰਜੀਵ ਗਰਗ, ਜੋਗਿੰਦਰ ਕੁਮਾਰ, ਜਤਿੰਦਰ ਸਿੰਘ ਬਰਾੜ, ਵਿਨੋਦ ਗਾਗਟ ਅਤੇ ਏ.ਸੀ.ਈ.ਓ (ਪੀ.ਐਸ.ਆਰ.ਐਲ.ਐਮ.) ਜਸਪਾਲ ਸਿੰਘ ਜੱਸੀ ਹਾਜ਼ਰ ਸਨ।