ਐਸ.ਐਮ.ਓ. ਵਲੋਂ ਆਰ.ਬੀ.ਐਸ.ਕੇ. ਤਹਿਤ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਫ਼ਾਇਦਾ ਲੈਣ ਦੀ ਅਪੀਲ*
ਐਸ.ਏ.ਐਸ ਨਗਰ / ਬੂਥਗੜ੍ਹ, 9 ਮਾਰਚ 2022
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਪਿੰਡ ਖ਼ਿਜ਼ਰਾਬਾਦ ਦੇ 9 ਮਹੀਨੇ ਦੇ ਬੱਚੇ ਦੇ ਦਿਲ ਵਿਚਲੇ ਛੇਕ ਦਾ ਸਫ਼ਲ ਇਲਾਜ ਕਰਵਾਇਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਪਿੰਡ ਦੇ ਦੌਰੇ ਦੌਰਾਨ ਡਾ. ਵਿਕਾਸ ਰਣਦੇਵ, ਡਾ. ਪਿ੍ਰਯੰਕਾ ਅਤੇ ਡਾ. ਰੋਹਿਨੀ ਦੀ ਟੀਮ ਦੇ ਧਿਆਨ ਵਿਚ ਆਇਆ ਸੀ ਕਿ ਪਿੰਡ ਦੇ 9 ਮਹੀਨਿਆਂ ਦੇ ਬੱਚੇ ਸਾਹਿਲ ਸ਼ਰਮਾ ਦੇ ਦਿਲ ਵਿਚ ਛੇਕ ਹੈ। ਡਾਕਟਰਾਂ ਨੇ ਤੁਰੰਤ ਬੱਚੇ ਦੇ ਮਾਂ-ਬਾਪ ਨੂੰ ਹਸਪਤਾਲ ਵਿਚ ਬੁਲਾਇਆ ਅਤੇ ਬੱਚੇ ਦੀ ਮੁਢਲੀ ਜਾਂਚ ਕੀਤੀ।
ਹੋਰ ਪੜ੍ਹੋ :- ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਘੇਰੇ ‘ਚ ਡਰੋਨ ਉਡਾਉਣ ‘ਤੇ ਪਾਬੰਦੀ
ਐਸ.ਐਮ.ਓ. ਮੁਤਾਬਕ ਰਾਸ਼ਟਰੀ ਬਾਲ ਸਵਾਸਥਯ ਕਾਰਿਯਾਕਰਮ (ਆਰ.ਬੀ.ਐਸ.ਕੇ) ਅਧੀਨ ਬੱਚਿਆਂ ਦੀਆਂ ਕਈ ਬੀਮਾਰੀਆਂ ਦਾ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਜਾਂਚ ਤੋਂ ਬਾਅਦ ਡਾਕਟਰਾਂ ਨੇ ਬੱਚੇ ਨੂੰ ਦਿਤੀ ਜਾਣ ਵਾਲੀ ਮਾਲੀ ਸਹਾਇਤਾ ਸਬੰਧੀ ਸਾਰੇ ਕਾਗ਼ਜ਼-ਪੱਤਰ ਤਿਆਰ ਕੀਤੇ ਅਤੇ ਬੱਚੇ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿਤਾ। ਪੀ.ਜੀ.ਆਈ. ਵਿਖੇ ਬੱਚੇ ਦੇ ਸਾਰੇ ਜ਼ਰੂਰੀ ਟੈਸਟ ਕੀਤੇ ਗਏ ਤੇ ਪਿਛਲੇ ਦਿਨੀਂ ਉਸ ਦੇ ਦਿਲ ਵਿਚਲੇ ਛੇਕ ਦਾ ਸਫ਼ਲ ਆਪਰੇਸ਼ਨ ਕਰ ਦਿਤਾ ਗਿਆ।
ਡਾਕਟਰਾਂ ਮੁਤਾਬਕ ਬੱਚਾ ਹੁਣ ਬਿਲਕੁਲ ਤੰਦਰੁਸਤ ਹੈ। ਡਾ. ਅਲਕਜੋਤ ਕੌਰ ਨੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਬੱਚੇ ਦਾ ਮੁਫ਼ਤ ਆਪਰੇਸ਼ਨ ਸੰਭਵ ਹੋਇਆ ਹੈ ਅਤੇ ਪਰਵਾਰ ਦਾ ਲਗਭਗ ਡੇਢ ਲੱਖ ਰੁਪਏ ਦਾ ਖ਼ਰਚਾ ਬਚਿਆ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ। ਕਿਸੇ ਵੀ ਜ਼ਰੂਰੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।