
ਕਿਹਾ ਮਹਿਜ਼ ਤਿੰਨ ਦਿਨਾਂ ’ਚ 8400 ਤੋਂ ਵੱਧ ਇੰਦਰਾਜ ਆਨਲਾਈਨ ਕੀਤੇ
ਮੌਜੂਦਾ ਸੀਜ਼ਨ ਦੀ ਈ-ਗਿਰਦਾਵਰੀ 20 ਮਾਰਚ ਤੱਕ ਮੁਕੰਮਲ ਕਰਨ ਦੇ ਨਿਰਦੇਸ਼
ਕਿਹਾ ਪਿਛਲੇ ਸਾਲ ਦੇ ਹਾੜੀ ਸੀਜ਼ਨ ਨਾਲ ਸਬੰਧਤ 8,24,580 ਖਸਰਾ ਸਫ਼ਲਤਾਪੂਰਵਕ ਦਰਜ
ਜਲੰਧਰ, 14 ਮਾਰਚ 2022
ਜ਼ਿਲ੍ਹਾ ਜਲੰਧਰ ਹਾੜੀ ਸੀਜ਼ਨ-2022 ਲਈ 10 ਤੋਂ 12 ਮਾਰਚ, 2022 ਤੱਕ ਮਹਿਜ਼ ਤਿੰਨ ਦਿਨਾਂ ਵਿੱਚ 8401 ਖਸਰਾ ਗਿਰਦਾਵਾਰੀਆਂ ਦਰਜ ਕਰ ਕੇ ਈ-ਗਿਰਦਾਵਾਰੀਆਂ ਦੀ ਰਜਿਸਟਰੇਸ਼ਨ ਵਿੱਚ ਸੂਬੇ ਦੇ ਮੋਹਰੀ ਜ਼ਿਲ੍ਹਿਆਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ।
ਹੋਰ ਪੜ੍ਹੋ :-ਐਕਸਵੇ ਇਮਰਜਿੰਗ ਸੈਲੂਸ਼ਨਸ ਅਤੇ ਓਸ਼ਿਨ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟ ਦਾ ਲਾਇਸੰਸ ਕੀਤਾ ਰੱਦ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 10 ਮਾਰਚ ਨੂੰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਇੱਕ ਵਿਸ਼ਾਲ ਕਵਾਇਦ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ 8401 ਖਸਰਾ ਨੰਬਰ ਆਨਲਾਈਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ-1 ਤਹਿਸੀਲ ਵਿੱਚ 5062 ਖਸਰਾ ਇੰਦਰਾਜ ਆਨਲਾਈਨ ਕੀਤੇ ਗਏ ਹਨ। ਇਸੇ ਤਰ੍ਹਾਂ ਹੋਰ ਇੰਦਰਾਜਾਂ ਤੋਂ ਇਲਾਵਾ ਸ਼ਾਹਕੋਟ ਸਬ ਤਹਿਸੀਲ ਵਿੱਚ 2044, ਜਲੰਧਰ-2 ਵਿੱਚ 855, ਫਿਲੌਰ ਵਿੱਚ 262, ਲੋਹੀਆਂ ਵਿੱਚ 79, ਨਕੋਦਰ ਵਿੱਚ 52 ਅਤੇ ਗੋਰਾਇਆ ਵਿੱਚ 35 ਇੰਦਰਾਜ ਦਾਖ਼ਲ ਕੀਤੇ ਗਏ ਹਨ ।
ਪ੍ਰਾਜੈਕਟ ’ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਿਜੀਟਾਈਜ਼ੇਸ਼ਨ ਦੀ ਦਿਸ਼ਾ ਵਿੱਚ ਇਕ ਹੋਰ ਪੁਲਾਂਘ ਪੁੱਟਦਿਆਂ ਸੂਬਾ ਸਰਕਾਰ ਵੱਲੋਂ ਫ਼ਸਲਾਂ ਦੀ ਈ-ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਈ-ਗਿਰਦਾਵਰੀ ਇਕ ਦਸਤਾਵੇਜ਼ ਹੈ, ਜਿਸ ਵਿੱਚ ਪਟਵਾਰੀ ਵੱਲੋਂ ਮਾਲਕ ਦਾ ਨਾਮ, ਕਾਸ਼ਤਕਾਰ ਦਾ ਨਾਮ, ਜ਼ਮੀਨ/ਖਸਰਾ ਨੰਬਰ,ਖੇਤਰ, ਜ਼ਮੀਨ ਦੀ ਕਿਸਮ, ਖੇਤੀ ਅਤੇ ਗੈਰ ਖੇਤੀ ਖੇਤਰ, ਸਿੰਚਾਈ ਦੇ ਸਾਧਨ, ਫ਼ਸਲ ਦਾ ਨਾਮ ਅਤੇ ਇਸ ਦੀ ਹਾਲਤ, ਮਾਲੀਆ ਅਤੇ ਮਾਲੀਏ ਦੀ ਦਰ ਆਦਿ ਨੂੰ ਸਾਲ ਵਿੱਚ ਘੱਟੋ-ਘੱਟ ਦੋ ਵਾਰ ਦਰਜ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਪਟਵਾਰੀਆਂ ਆਪੋ-ਆਪਣੇ ਅਧਿਕਾਰ ਖੇਤਰਾਂ ਦਾ ਦੌਰਾ ਕਰਦੇ ਹੋਏ ਸਿੱਧਾ ਖੇਤਾਂ ਤੋਂ ਈ-ਗਿਰਦਾਵਰੀ ਰਿਪੋਰਟ ਦਾਖ਼ਲ ਕੀਤੀ ਜਾ ਰਹੀ ਹੈ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹਾੜੀ ਦੇ ਸੀਜ਼ਨ 2021 ਲਈ ਜਲੰਧਰ ਜ਼ਿਲ੍ਹੇ ਵਿੱਚ 8,24,580 ਈ-ਗਿਰਦਾਵਾਰੀਆਂ ਸਫ਼ਲਤਾਪੂਰਵਕ ਦਰਜ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਇਸ ਸੀਜ਼ਨ ਲਈ ਪਟਵਾਰੀਆਂ ਵੱਲੋਂ ਸਿੱਧਾ ਫੀਲਡ ਵਿੱਚੋਂ ਇੰਦਰਾਜ ਕੀਤੇ ਜਾ ਰਹੇ ਹਨ ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਈ-ਗਿਰਦਾਵਰੀ ਨੂੰ ਆਨਲਾਈਨ ਕਰਨ ਲਈ ਕਈ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਸੌ ਫੀਸਦੀ ਰਿਕਾਰਡ ਨੂੰ ਨਿਰਧਾਰਤ ਸਮੇਂ ਵਿੱਚ ਆਨਲਾਈਨ ਕਰ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਕੰਮ ਵਿੱਚ ਤੇਜ਼ੀ ਲਿਆਉਣ ਅਤੇ 20 ਮਾਰਚ, 2022 ਤੱਕ ਈ-ਗਿਰਦਾਵਾਰੀ ਦੀ ਸੌ ਫੀਸਦੀ ਐਂਟਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਡੀ.ਐਸ.ਐਮ ਰਿੰਪਲ ਗੁਪਤਾ ਨੇ ਅੱਗੇ ਦੱਸਿਆ ਕਿ ਫ਼ਸਲਾਂ ਦੇ ਡਿਜੀਟਲੀਕਰਨ ਦਾ ਕੰਮ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ ਕਿਉਂਕਿ ਸਾਰੇ ਇੰਦਰਾਜ 20 ਮਾਰਚ 2022 ਤੱਕ ਆਨਲਾਈਨ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।