ਸੇਵਾ ਕੇਂਦਰਾਂ ’ਚ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ’ਚ ਹੁਸ਼ਿਆਰਪੁਰ ਸੂਬੇ ਭਰ ’ਚ ਤੀਜੇ ਸਥਾਨ ’ਤੇ

DC Hoshiapur

੍ਹ 359005 ਸੇਵਾਵਾਂ ਲਈ ਦਰਖਾਸਤਾਂ ’ਚੋਂ 352666 ਸੇਵਾਵਾਂ ਪ੍ਰਦਾਨ ਅਤੇ 1255 ਦੀ ਪ੍ਰਕ੍ਰਿਆ ਜਾਰੀ : ਅਪਨੀਤ ਰਿਆਤ
੍ਹ ਡਿਪਟੀ ਕਮਿਸ਼ਨਰ ਵਲੋਂ ਨਾਗਰਿਕ ਸੇਵਾਵਾਂ ਨੂੰ ਹੋਰ ਘੱਟ ਸਮੇਂ ’ਚ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ
੍ਹ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਤੇ ਸੇਵਾ ਕੇਂਦਰਾਂ ਦੇ ਸਟਾਫ਼ ਨੂੰ ਹੱਲਾਸ਼ੇਰੀ
ਹੁਸ਼ਿਆਰਪੁਰ, 30 ਸਤੰਬਰ:
ਪੰਜਾਬ ਸਰਕਾਰ ਵਲੋਂ ਇਕੋ ਛੱਤ ਹੇਠ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੇ ਗਏ ਸੇਵਾ ਕੇਂਦਰਾਂ ਵਲੋਂ ਸੇਵਾਵਾਂ ਦੀਆਂ ਦਰਖਾਸਤਾਂ ਦਾ ਨਿਪਟਾਰਾ ਕਰਨ ਵਿੱਚ 0.16 ਫੀਸਦੀ ਦਰਖਾਸਤਾਂ ਦੇ ਬਕਾਏ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਸੂਬੇ ਭਰ ’ਚੋਂ ਤੀਜੇ ਸਥਾਨ ’ਤੇ ਆ ਗਿਆ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 25 ਸੇਵਾ ਕੇਂਦਰ ਆਮ ਨਾਗਰਿਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 276 ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੁੱਲ 359005 ਸੇਵਾਵਾਂ ਲਈ ਦਰਖਾਸਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 352666 ਦਰਖਾਸਤਾਂ ’ਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਜਦਕਿ 1255 ਦਰਖਾਸਤਾਂ ਦੀ ਪ੍ਰਕ੍ਰਿਆ ਜਾਰੀ ਹੈ ਅਤੇ 573 ਫਾਇਲਾਂ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਵੱਡੀ ਗਿਣਤੀ ਵਿੱਚ ਬਕਾਇਆ ਪਈਆਂ ਦਰਖਾਸਤਾਂ ਨਾਲ ਸਬੰਧਤ ਸੇਵਾਵਾਂ ਦੇਣ ਵਿੱਚ ਤੇਜ਼ੀ ਲਿਆ ਕੇ ਜ਼ਿਲ੍ਹੇ ਨੇ ਰਾਜ ਭਰ ਵਿੱਚ 0.16 ਫੀਸਦੀ ਦੇ ਬਕਾਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਜ਼ਾਨਾ ਇਨ੍ਹਾਂ ਦਰਖਾਸਤਾਂ ਦੀ ਸਮੀਖਿਆ ਜਾਰੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਬਕਾਇਆ ਦਰ ਨੂੰ ਹੋਰ ਘਟਾਇਆ ਜਾ ਸਕੇ ਅਤੇ ਲੋਕਾਂ ਨੂੰ ਘੱਟੋ-ਘੱਟ ਸਮੇਂ ਵਿੱਚ ਲੋੜੀਂਦੀਆਂ ਸੇਵਾਵਾਂ ਦੇਣਾ ਯਕੀਨੀ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਜਨਰਲ ਮੈਨੇਜਰ ਤਕਨੀਕੀ ਵਿਨੇਸ਼ ਗੌਤਮ ਵਲੋਂ ਸੂਬਾ ਪੱਧਰ ’ਤੇ ਰੋਜ਼ਾਨਾ ਦਰਖਾਸਤਾਂ ਦੀ ਸਮੀਖਿਆ ਕਰਦਿਆਂ ਸੇਵਾਵਾਂ ਪ੍ਰਦਾਨ ਕਰਵਾਉਣ ਦੀਆਂ ਤਕਨੀਕਾਂ ਵਿੱਚ ਹੋਰ ਸੁਧਾਰ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ, ਸਹਾਇਕ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਗਗਨਪ੍ਰੀਤ ਸਿੰਘ, ਅਤੇ ਸੇਵਾ ਕੇਂਦਰਾਂ ਦੇ ਸਟਾਫ਼ ਦੀ ਸਲਾਹੁਤਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਦਰਖਾਸਤਾਂ ਦੀ ਬਕਾਇਆ ਦਰ ਨੂੰ ਘਟਾਉਣ ਲਈ ਹੋਰ ਸ਼ਿੱਦਤ ਨਾਲ ਉਪਰਾਲੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਹੋਰ ਵੀ ਸਹਿਜੇ ਢੰਗ ਨਾਲ ਮਿਲ ਸਕਣ।

Spread the love