ਜਲੰਧਰ ਫਸਲਾਂ ਦੀ ਈ-ਗਿਰਦਾਵਰੀ ’ਚ ਪੰਜਾਬ ਭਰ ’ਚ ਮੋਹਰੀ, ਹੁਣ ਤੱਕ 12.27 ਲੱਖ ਤੋਂ ਵੱਧ ਇੰਦਰਾਜ ਕੀਤੇ ਆਨਲਾਈਨ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

ਜਲੰਧਰ ਫਸਲਾਂ ਦੀ ਈ-ਗਿਰਦਾਵਰੀ ’ਚ ਪੰਜਾਬ ਭਰ ’ਚ ਮੋਹਰੀ, ਹੁਣ ਤੱਕ 12.27 ਲੱਖ ਤੋਂ ਵੱਧ ਇੰਦਰਾਜ ਕੀਤੇ ਆਨਲਾਈਨ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ
ਜਲੰਧਰ ਫਸਲਾਂ ਦੀ ਈ-ਗਿਰਦਾਵਰੀ ’ਚ ਪੰਜਾਬ ਭਰ ’ਚ ਮੋਹਰੀ, ਹੁਣ ਤੱਕ 12.27 ਲੱਖ ਤੋਂ ਵੱਧ ਇੰਦਰਾਜ ਕੀਤੇ ਆਨਲਾਈਨ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ
ਕਿਹਾ  ਕੁੱਲ ਇੰਦਰਾਜਾਂ ਦਾ 94 ਫੀਸਦੀ ਕੁਝ ਹੀ ਦਿਨਾਂ ’ਚ ਕੀਤਾ ਆਨਲਾਈਨ
ਮੌਜੂਦਾ ਸੀਜ਼ਨ ਦੀ ਈ-ਗਿਰਦਾਵਰੀ ਨੂੰ 25 ਮਾਰਚ ਤੱਕ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਵੀ ਦਿੱਤੇ ਨਿਰਦੇਸ਼

ਜਲੰਧਰ, 22 ਮਾਰਚ 2022

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਦੱਸਿਆ ਕਿ ਜਲੰਧਰ ਜ਼ਿਲ੍ਹੇ ਵੱਲੋਂ ਹਾੜੀ ਸੀਜ਼ਨ-2022 ਲਈ ਫਸਲਾਂ ਦੀਆਂ ਹੁਣ ਤੱਕ 12,27,289 ਗਿਰਦਾਵਰੀਆਂ ਆਨਲਾਈਨ ਕੀਤੀਆਂ ਜਾ ਚੁੱਕੀਆਂ ਹਨ, ਜੋ ਕਿ ਕੁੱਲ ਐਂਟਰੀਆਂ ਦੇ ਮਾਮਲੇ ਵਿੱਚ ਸੂਬੇ ਵਿੱਚ ਸਭ ਤੋਂ ਵੱਧ ਹਨ।

ਹੋਰ ਪੜ੍ਹੋ :-ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਵਿਸ਼ੇਸ਼ ਮੁੱਖ ਸਕੱਤਰ (ਮਾਲ) ਵੀ.ਕੇ. ਜੰਜੂਆ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਸਮੀਖਿਆ ਮੀਟਿੰਗ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹੁਣ ਤੱਕ ਕੁੱਲ ਗਿਰਦਾਵਾਰੀਆਂ ਵਿੱਚੋਂ 94 ਫੀਸਦੀ ਆਨਲਾਈਨ ਹੋ ਚੁੱਕੀਆਂ ਹਨ ਜਦਕਿ ਬਾਕੀ 6 ਫੀਸਦੀ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ 10 ਮਾਰਚ ਨੂੰ ਇਕ ਵਿਸ਼ਾਲ ਕਵਾਇਦ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਕੁੱਲ 13,07,555  ਇੰਦਰਾਜਾਂ ਵਿੱਚੋਂ 12,27,289 ਖਸਰਾ ਨੰਬਰ ਆਨਲਾਈਨ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਜਲੰਧਰ-1 ਤਹਿਸੀਲ ‘ਚ 128832 ਖਸਰਾ ਇੰਦਰਾਜ ਅਨਲਾਈਨ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਸ਼ਾਹਕੋਟ ਸਬ-ਤਹਿਸੀਲ ‘ਚ 108461, ਜਲੰਧਰ-2 ‘ਚ 95607, ਫਿਲੌਰ ‘ਚ 121562, ਲੋਹੀਆਂ ‘ਚ 64334, ਨਕੋਦਰ ਵਿੱਚ 117398, ਕਰਤਾਰਪੁਰ ਵਿੱਚ 72618, ਭੋਗਪੁਰ ਵਿੱਚ 110158, ਨੂਰਮਹਿਲ ‘ਚ 136734, ਆਦਮਪੁਰ ‘ਚ 102455, ਮਹਿਤਪੁਰ ‘ਚ 63696 ਅਤੇ ਗੁਰਾਇਆ ‘ਚ 105434 ਖਸਰਾ ਇੰਦਰਾਜ ਆਨਲਾਈਨ ਕੀਤੇ ਜਾ ਚੁੱਕੇ ਹਨ।

ਪ੍ਰਾਜੈਕਟ ’ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਿਜੀਟਾਈਜ਼ੇਸ਼ਨ ਦੀ ਦਿਸ਼ਾ ਵਿੱਚ ਇਕ ਹੋਰ ਪੁਲਾਂਘ ਪੁੱਟਦਿਆਂ ਸੂਬਾ ਸਰਕਾਰ ਵੱਲੋਂ ਫ਼ਸਲਾਂ ਦੀ ਈ-ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਈ-ਗਿਰਦਾਵਰੀ ਇਕ ਦਸਤਾਵੇਜ਼ ਹੈ, ਜਿਸ ਵਿੱਚ ਪਟਵਾਰੀ ਵੱਲੋਂ ਮਾਲਕ ਦਾ ਨਾਮ, ਕਾਸ਼ਤਕਾਰ ਦਾ ਨਾਮ, ਜ਼ਮੀਨ/ਖਸਰਾ ਨੰਬਰ,ਖੇਤਰ, ਜ਼ਮੀਨ ਦੀ ਕਿਸਮ, ਖੇਤੀ ਅਤੇ ਗੈਰ ਖੇਤੀ ਖੇਤਰ, ਸਿੰਚਾਈ ਦੇ ਸਾਧਨ, ਫ਼ਸਲ ਦਾ ਨਾਮ ਅਤੇ ਇਸ ਦੀ ਹਾਲਤ, ਮਾਲੀਆ ਅਤੇ ਮਾਲੀਏ ਦੀ ਦਰ ਆਦਿ ਨੂੰ ਸਾਲ ਵਿੱਚ ਘੱਟੋ-ਘੱਟ ਦੋ ਵਾਰ ਦਰਜ ਕੀਤਾ ਜਾਂਦਾ ਹੈ।  ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਪਟਵਾਰੀਆਂ ਆਪੋ-ਆਪਣੇ ਅਧਿਕਾਰ ਖੇਤਰਾਂ ਦਾ ਦੌਰਾ ਕਰਦੇ ਹੋਏ ਸਿੱਧਾ ਫੀਲਡ ’ਚੋਂ ਈ-ਗਿਰਦਾਵਰੀ ਰਿਪੋਰਟ ਦਾਖ਼ਲ ਕੀਤੀ ਜਾ ਰਹੀ ਹੈ।

ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹਾੜੀ ਸੀਜ਼ਨ 2022 ਲਈ ਜਲੰਧਰ ਜ਼ਿਲ੍ਹੇ ਵਿੱਚ 12,27,289 ਈ-ਗਿਰਦਾਵਾਰੀਆਂ ਨੂੰ ਸਫ਼ਲਤਾਪੂਰਵਕ ਦਰਜ ਕੀਤਾ ਜਾ ਚੁੱਕਾ ਹੈ ਜਦਕਿ ਅਧਿਕਾਰੀਆਂ ਨੂੰ ਇਹ ਕੰਮ 25 ਮਾਰਚ, 2022 ਤੱਕ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਈ-ਗਿਰਦਾਵਰੀ ਨੂੰ ਆਨਲਾਈਨ ਕਰਨ ਲਈ ਕਈ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਸੌ ਫੀਸਦੀ ਰਿਕਾਰਡ ਨੂੰ ਨਿਰਧਾਰਤ ਸਮੇਂ ਵਿੱਚ ਆਨਲਾਈਨ ਕਰ ਦਿੱਤਾ ਜਾਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ.ਐਸ.ਐਮ ਰਿੰਪਲ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਨੇ ਸਭ ਤੋਂ ਵੱਧ ਇੰਦਰਾਜ ਕਰ ਕੇ ਮੋਹਰੀ ਸਥਾਨ ਹਾਸਲ ਕੀਤਾ ਹੈ ਜਦਕਿ ਬਾਕੀ ਰਹਿੰਦੇ ਇੰਦਰਾਜ 25 ਮਾਰਚ ਤੱਕ ਆਨਲਾਈਨ ਕੀਤੇ ਜਾਣੇ ਹਨ ।

ਇਸ ਦੌਰਾਨ ਵਿਸ਼ੇਸ਼ ਮੁੱਖ ਸਕੱਤਰ (ਮਾਲ) ਵੀ.ਕੇ ਜੰਜੂਆ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਜਲੰਧਰ ਵੱਲੋਂ ਇਸ ਵਿਆਪਕ ਕਾਰਜ ਨੂੰ ਸੁਚਾਰੂ ਅਤੇ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।

Spread the love