ਪਟਿਆਲਾ, 25 ਮਾਰਚ 2022
ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਰੰਗਾਰੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਚੰਦਨਦੀਪ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਨੇ ਵਿਸ਼ਵ ਪੱਧਰ ਤੇ ਰੰਗਮੰਚ ਦੇ ਥੀਮ ਅਤੇ ਸੰਦੇਸ਼ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਤੇ ਇਸ ਵਿਚ ਪੰਜਾਬੀ ਰੰਗਕਰਮੀਆਂ ਦੀ ਦੇਣ ਬਾਰੇ ਵੀ ਚਾਨਣਾ ਪਾਇਆ।
ਹੋਰ ਪੜ੍ਹੋ :-ਤਲਵੰਡੀ ਭਾਈ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ
ਇਸ ਮੌਕੇ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਡਾਇਰੈਕਟਰ ਹਰਜੀਤ ਕੈਂਥ ਨੇ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ’ਚ ਸ਼ਾਮਲ ਹੋਏ ਤੇ ਵਿਸ਼ਵ ਰੰਗਮੰਚ ਦਿਵਸ ਸਬੰਧੀ ਵਿਚਾਰ ਚਰਚਾ ਸਾਂਝੇ ਕੀਤੇ।
ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸੰਯੁਕਤ ਕਮਿਸ਼ਨਰ ਨਗਰ ਨਿਗਮ ਜਸਲੀਨ ਕੌਰ ਭੁੱਲਰ ਵੱਲੋਂ ਵੀ ਵਿਸ਼ਵ ਰੰਗਮੰਚ ਦਿਵਸ ਸਬੰਧੀ ਆਪਣੇ ਵਿਚਾਰ ਰੱਖੇ ਗਏ।
ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਕਰਵਾਏ ਗਏ ਵਿਸ਼ਵ ਰੰਗਮੰਚ ਦਿਵਸ ਉੱਤੇ ਸ੍ਰੀ ਗੋਪਾਲ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੇ ਹੋਏ ਦੋ ਨਾਟਕ ‘ਹੁਣ ਤਾਂ ਸੁਧਰੋ ਯਾਰੋ’ ਅਤੇ ‘ਗਿਰਗਟ’ ਵੀ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਪਰਮਿੰਦਰਪਾਲ ਕੌਰ, ਗੋਪਾਲ ਸ਼ਰਮਾ, ਸਨੀ ਸਿੱਧੂ ਅਤੇ ਜਸਵਿੰਦਰ ਜੱਸੀ ਵੱਲੋਂ ਕਮਾਲ ਦੀ ਪੇਸ਼ਕਾਰੀ ਕੀਤੀ ਗਈ।ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਨੇ ਇਹ ਸਮਾਗਮ ਕਲਾਕ੍ਰਿਤੀ ਮੰਚ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪਰਮਿੰਦਰਪਾਲ ਕੌਰ, ਡਾਇਰੈਕਟਰ, ਕਲਾਕ੍ਰਿਤੀ ਵੱਲੋਂ ਕੀਤੀ ਗਈ। ਅਸ਼ਰਫ਼ ਮਹਿਮੂਦ ਨੰਦਨ ਵੱਲੋਂ ਮੰਚ ਸੰਚਾਲਨ ਦਾ ਕੰਮ ਬਾਖ਼ੂਬੀ ਨਿਭਾਇਆ ਗਿਆ।
ਇਸ ਮੌਕੇ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ ਅਤੇ ਵਿਭਾਗੀ ਰਸਾਲਿਆਂ ਦੀ ਮੈਂਬਰਸ਼ਿਪ ਲਈ ਵੱਖਰੇ ਕਾਊਂਟਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉੱਘੇ ਰੰਗ ਕਰਮੀਆਂ, ਸਾਹਿਤਕਾਰਾਂ, ਪਤਵੰਤੇ ਸਜਣਾ ਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।