ਰੂਪਨਗਰ, 25 ਮਾਰਚ 2022
ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਕਾਨੂੰਨ ਤੇ ਨਿਆਂ ਪ੍ਰਬੰਧਾਂ ਦਾ ਜਾਇਜ਼ਾ ਜ਼ਿਲ੍ਹਾ ਪੱਧਰੀ ਅਫਸਰਾਂ ਦੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੀ ਅਗਵਾਈ ਕਰਦਿਆਂ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਚਮਕੌਰ ਸਾਹਿਬ ਹਲਕੇ ਦੇ ਇਲਾਕੇ ਵਿੱਚ ਕਿਸੇ ਵੀ ਪੱਧਰ ‘ਤੇ ਮਾਈਨਿੰਗ ਅਤੇ ਨਸ਼ਿਆਂ ਸਬੰਧੀ ਗਤੀਵਿਧੀਆਂ ਨੂੰ ਸਖਤੀ ਨਾਲ ਰੋਕਿਆ ਜਾਵੇ ਜਿਸ ਲਈ ਪੁਲਿਸ ਟੀਮਾਂ ਬਣਾ ਕੇ ਇਸ ਗੈਰ ਕਨੂੰਨੀ ਕਾਰੋਬਾਰ ਵਿੱਚ ਲਿਪਤ ਅਪਰਾਧੀਆਂ ਖਿਲਾਫ ਕਰੇ।
ਹੋਰ ਪੜ੍ਹੋ :-ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਨੇ ਵਰਿੰਦਾਬਨ ਰੋੜ ਨੇੜੇ ਕਾਲੀਆ ਮੈਡੀਕੋਜ਼ ਵਾਰਡ ਨੰਬਰ 83 ‘ਤੇ ਨਵੀਂ ਬਣਨ ਵਾਲੀ ਕੰਕਰੀਟ ਸੜਕ ਦਾ ਕੀਤਾ ਉਦਘਾਟਨ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੇ ਘਰਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਮੀਟਿੰਗ ਵਿੱਚ ਕਿਹਾ ਕਿ ਜਦੋ ਤੱਕ ਪੁਲਿਸ ਪ੍ਰਸ਼ਾਸਨ ਸਮਰਪਿਤ ਭਾਵਨਾ ਨਾਲ ਕੰਮ ਨਹੀਂ ਕਰਦੀ ਉਦੋਂ ਤੱਕ ਮਾਈਨਿੰਗ ਅਤੇ ਨਸ਼ਿਆਂ ਵਰਗੇ ਗੈਰ ਕਾਨੂੰਨੀ ਧੰਦਿਆਂ ‘ਤੇ ਨਕੇਲ ਨਹੀਂ ਕਸੀ ਜਾ ਸਕਦੀ। ਜਿਸ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਿਲ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਖਤ ਆਦੇਸ਼ ਹਨ ਕਿ ਸੂਬੇ ਦੇ ਪਿੰਡਾਂ ਵਿੱਚ ਜੇਕਰ ਕੋਈ ਨਸ਼ਿਆਂ ਦਾ ਕਾਰੋਬਾਰ ਕਰ ਰਿਹਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕਰਕੇ ਜੇਲ੍ਹਾਂ ਵਿੱਚ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਸੂਬੇ ਦੀ ਤਰੱਕੀ ਨਾਲ ਜੋੜਨਾ ਹੈ ਅਤੇ ਪੰਜਾਬ ਦੀ ਖੋਈ ਹੋਈ ਖੁਸ਼ਹਾਲੀ ਨੂੰ ਮੁੜ ਅਬਾਦ ਕੀਤਾ ਜਾ ਸਕੇ।
ਉਨ੍ਹਾਂ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਵਾਲੇ ਅਤੇ ਦੇਸ਼ੀ ਸ਼ਰਾਬ ਬਣਾਉਣ ਵਾਲਿਆ ਖਿਲਾਫ ਵੀ ਸਖਤ ਕਾਰਵਾਈ ਕਰਨ ਲਈ ਕਿਹਾ।
ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਥਾਣਿਆਂ ਵਿੱਚ ਕਿਸੇ ਵੀ ਪੱਧਰ ‘ਤੇ ਬੇਕਸੂਰ ਲੋਕਾਂ ਨਾਲ ਧੱਕੇਸ਼ਾਹੀ ਨਾ ਹੋਵੇ ਅਤੇ ਆਮ ਲੋਕਾਂ ਨਾਲ ਸਹੀ ਵਿਵਹਾਰ ਕੀਤਾ ਜਾਵੇ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਐਸ.ਡੀ.ਐਮ. ਦਫਤਰ ਅਤੇ ਪੁਲਿਸ ਦੇ ਧਿਆਨ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਕੋਈ ਵੀ ਮਾਮਲਾ ਆਉਂਦਾ ਹੈ ਤਾਂ ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪਹਿਲਾਂ ਗੈਰ ਕਾਨੂੰਨੀ ਮਾਈਨਿੰਗ ਦੀ ਘਟਨਾ ਸਾਹਮਣੇ ਆਈ ਸੀ ਉਨ੍ਹਾਂ ਥਾਵਾਂ ਦੀ ਅਚਨਚੇਤ ਚੈਕਿੰਗ ਜਰੂਰ ਕੀਤੀ ਜਾਵੇ।
ਮੀਟਿੰਗ ਵਿੱਚ ਐਸ.ਐਸ.ਪੀ ਸ਼੍ਰੀ ਵਿਵੇਕ ਐਸ ਸੋਨੀ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਸੱਟੇ ਬਜ਼ਾਰ ਆਦਿ ਵਰਗੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਹੈ ਤਾਂ ਉਸ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾਂ ਮੀਟਿੰਗ ਵਿੱਚ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੂੰ ਭਰੋਸਾ ਦਿਵਾਇਆ ਹੈ ਕਿ ਜ਼ਿਲ੍ਹਾ ਪੁਲਿਸ ਵਲੋਂ ਅਪਰਾਧੀਆਂ ਖਿਲਾਫ ਕਾਰਵਾਈ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਸ਼ਿਖਾ ਸ਼ਰਮਾ, ਡੀ.ਐਸ.ਪੀ. ਗੁਰਦੇਵ ਸਿੰਘ, ਡੀ.ਐਸ.ਪੀ. ਰਵਿੰਦਰਪਾਲ ਸਿੰਘ, ਐਸ.ਡੀ.ਐਮ. ਪਰਮਜੀਤ ਸਿੰਘ, ਐਸ.ਡੀ.ਐਮ. ਰਵਿੰਦਰਪਾਲ ਸਿੰਘ, ਡੀ.ਆਰ.ਓ ਗੁਰਜਿੰਦਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।