ਜੋ ਲੋੜਵੰਦ ਲੋਕ ਸਾਡੇ ਤੱਕ ਨਹੀਂ ਪਹੁੰਚ ਸਕਦੇ ਉਨ੍ਹਾਂ ਤੱਕ ਅਸੀਂ ਪਹੁੰਚੀਏ: ਪ੍ਰੀਤੀ ਯਾਦਵ
ਸਿਹਤ, ਸਿੱਖਿਆ ਅਤੇ ਸੈਰ-ਸਪਾਟਾ ਖੇਤਰਾਂ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ
ਰੂਪਨਗਰ, 5 ਅਪ੍ਰੈਲ 2022
ਰੂਪਨਗਰ ਜ਼ਿਲ੍ਹੇ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਪ੍ਰੀਤੀ ਯਾਦਵ ਵੱਲੋਂ ਅੱਜ ਰੂਪਨਗਰ ਵਿਖੇ ਚਾਰਜ ਸੰਭਾਲਿਆ ਗਿਆ। ਇਥੇ ਪਹੁੰਚਣ ‘ਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁੱਕੜੀ ਵੱਲੋਂ ‘ਗਾਰਡ ਆਫ ਆਨਰ’ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਸਾਰੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੰਨਾ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਜਾਇਜ਼ਾ
ਸ਼੍ਰੀਮਤੀ ਪ੍ਰੀਤੀ ਯਾਦਵ ਨੇ ਅਹੁੱਦਾ ਸੰਭਾਲਣ ਤੋਂ ਬਾਅਦ ਤੁਰੰਤ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਬ-ਡਵੀਜ਼ਨਲ ਮੈਜਿਸਟ੍ਰੇਟਜ਼ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੀ ਅਗਵਾਈ ਕਰਦਿਆਂ ਉਨ੍ਹਾਂ ਅਫਸਰਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਆਮ ਲੋਕਾਂ ਤੱਕ ਯਕੀਨੀ ਤੌਰ ‘ਤੇ ਪਹੁੰਚਾਇਆ ਜਾਵੇ ਜਿਸ ਲਈ ਲੋਕਾਂ ਵਿੱਚ ਜਾ ਕੇ ਜ਼ਮੀਨੀ ਪੱਧਰ ‘ਤੇ ਨਿਰੀਖਣ ਕੀਤਾ ਜਾਵੇ ਤਾਂ ਜੋ ਹਰ ਲੋੜਵੰਦ ਨੂੰ ਕਵਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਜੋ ਲੋੜਵੰਦ ਲੋਕ ਸਾਡੇ ਤੱਕ ਨਹੀਂ ਪਹੁੰਚ ਸਕਦੇ ਉਨ੍ਹਾਂ ਤੱਕ ਅਸੀਂ ਪਹੁੰਚੀਏ।
ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਅਤੇ ਸੈਰ-ਸਪਾਟਾ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਜਲਦ ਹੀ ਇਨ੍ਹਾਂ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਕਰਕੇ ਪ੍ਰਫੁੱਲਿਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਅਫਸਰਾਂ ਵਲੋਂ ਕੀਤੇ ਗਏ ਕੰਮਾਂ ਦੀ ਹਰ ਮਹੀਨੇ ਸਮੀਖਿਆ ਕੀਤੀ ਜਾਵੇਗੀ ਅਤੇ ਵਿਭਾਗਾਂ ਦੇ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਰੂਪ-ਰੇਖਾ ਵੀ ਤਿਆਰ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਧਿਕਾਰੀ ਅਤੇ ਕਰਮਚਾਰੀ ਆਮ ਲੋਕਾਂ ਨਾਲ ਸਹੀ ਢੰਗ ਨਾਲ ਵਿਵਹਾਰ ਕਰਨ ਤਾਂ ਜੋ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵਿੱਚ ਵਿਸ਼ਵਾਸ ਵਧੇ ਅਤੇ ਆਮ ਲੋਕਾਂ ਦੇ ਕੰਮ ਨਿਰਧਾਰਿਤ ਸਮੇਂ ਵਿੱਚ ਨੇਪੜੇ ਚੜਨ। ਉਨ੍ਹਾਂ ਅਫਸਰਾਂ ਨੂੰ ਸਮੇਂ ‘ਤੇ ਦਫਤਰ ਪਹੁੰਚਣ ਦੀ ਹਦਾਇਤ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਉਹ ਜਲਦ ਹੀ ਮੰਡੀਆਂ ਵਿੱਚ ਜਾ ਕੇ ਮੰਡੀਆਂ ਵਿੱਚ ਕੀਤੀਆਂ ਗਈਆਂ ਤਿਆਰੀਆਂ ਦਾ ਨਿਰੀਖਣ ਕਰਨਗੇ।
ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਮਿੰਨੀ ਸੱਕਤਰ ਵਿੱਖੇ ਵੱਖ-ਵੱਖ ਬਰਾਂਚਾਂ ਦਾ ਦੌਰਾ ਕੀਤਾ ਗਿਆ ਅਤੇ ਕਰਮਚਾਰੀਆਂ ਨੂੰ ਆਪਣੇ ਨਿਰਧਾਰਿਤ ਕੰਮ ਗੰਭੀਰਤਾ ਨਾਲ ਕਰਨ ਦੀ ਹਦਾਇਤ ਦਿੱਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੂਪਨਗਰ ਦੇ ਪੱਤਰਕਾਰਾਂ ਨਾਲ ਮੀਟਿੰਗ ਵੀ ਕੀਤੀ।