ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਜਨਤਕ ਦਫ਼ਤਰਾਂ ਦਾ ਨਿਰੀਖਣ

Deputy Commissioner Amit Talwar inspects public offices
Deputy Commissioner Amit Talwar inspects public offices
ਫਰਦ ਕੇਂਦਰ, ਸੁਵਿਧਾ ਕੇਂਦਰ, ਆਰਟੀਏ ਦਫਤਰ ਅਤੇ ਤਹਿਸੀਲ ਦਫ਼ਤਰ ਦੇ ਸਰਵਿਸ ਡਿਲੀਵਰੀ ਕਾਊਂਟਰਾਂ ਦੀ ਕੀਤੀ ਚੈਕਿੰਗ
ਸਾਰੇ ਕਰਮਚਾਰੀਆਂ ਨੂੰ ਸਮਾਂਬੱਧ ਤਰੀਕੇ ਨਾਲ ਅਰਜ਼ੀਆਂ ਦਾ ਨਿਬੇੜਾ ਕਰਨ ਦਾ ਦਿੱਤਾ ਨਿਰਦੇਸ਼
ਐਸ.ਏ.ਐਸ. ਨਗਰ  11 ਅਪ੍ਰੈਲ 2022
ਲੋਕਾਂ ਨੂੰ ਸਮਾਂਬੱਧ ਅਤੇ ਬਿਨਾਂ ਕਿਸੇ ਦਿੱਕਤ ਤੋਂ ਸਾਰੀਆਂ ਸਰਕਾਰੀ ਸੇਵਾਵਾਂ ਮਿਲਣੀਆਂ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸੋਮਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਸਥਿਤ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਫਰਦ ਕੇਂਦਰ, ਸੁਵਿਧਾ ਕੇਂਦਰ, ਆਰ.ਟੀ.ਏ. ਦਫ਼ਤਰ, ਤਹਿਸੀਲ ਅਤੇ ਹੋਰ ਦਫ਼ਤਰਾਂ ਦੇ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਊਂਟਰਾਂ ਦਾ ਦੌਰਾ ਕੀਤਾ ਅਤੇ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਬਾਰੇ ਪ੍ਰਤੀਕਰਮ ਲੈਣ ਲਈ ਉਥੇ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਟੋਕਨ ਨੰਬਰ ਜਾਰੀ ਕਰਨ ਤੋਂ ਲੈ ਕੇ ਸੇਵਾ ਮਿਲਣ ਤੱਕ ਨਾਗਰਿਕ ਕੇਂਦਰਿਤ ਸੇਵਾਵਾਂ ਦੇ ਵੱਖ-ਵੱਖ ਪੜਾਵਾਂ ਦੀ ਸਮੀਖਿਆ ਵੀ ਕੀਤੀ।
ਉਨ੍ਹਾਂ ਸੇਵਾ ਅਤੇ ਸੁਵਿਧਾ ਕੇਂਦਰ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਾਊਂਟਰਾਂ ਉਤੇ ਹਰ ਅਪਰੇਟਰ ਲੋਕਾਂ ਨੂੰ ਸੇਵਾਵਾਂ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਵੇ ਤਾਂ ਜੋ ਲੋਕਾਂ ਨੂੰ ਸੇਵਾਵਾਂ ਪ੍ਰਾਪਤ ਕਰਨ ਲਈ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਚੈਕਿੰਗ ਦੌਰਾਨ ਫਰਦ ਕੇਂਦਰ ਵਿੱਚ ਕਾਊਂਟਰ ਵਧਾਉਣ ਲਈ ਕਿਹਾ ਅਤੇ ਮੌਕੇ ‘ਤੇ ਇਕ ਤੋਂ ਵਧਾ ਕੇ ਦੋ ਕਾਊਂਟਰ ਕੀਤੇ ਗਏ । ਇਸ ਦੇ ਨਾਲ ਹੀ ਉਨ੍ਹਾਂ ਤਹਿਸੀਲਦਾਰ ਸ੍ਰੀ ਪੁਨੀਤ ਬਾਂਸਲ ਨੂੰ ਫਰਦ ਕੇਂਦਰ ਦੀ ਅਪਗ੍ਰੇਡੇਸ਼ਨ ਸਬੰਧੀ ਪ੍ਰਸਤਾਵ ਦੋ ਦਿਨਾਂ ਵਿੱਚ ਭੇਜਣ ਸਬੰਧੀ ਨਿਰਦੇਸ਼ ਵੀ ਦਿੱਤੇ ।
ਸ੍ਰੀ ਤਲਵਾੜ ਨੇ ਇਹ ਵੀ ਕਿਹਾ ਕਿ ਟੋਕਨ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਆਪਣੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਸਾਰੇ ਜਨਤਕ ਦਫ਼ਤਰਾਂ ਵਿੱਚ ਬੈਠਣ ਲਈ ਵਧੇਰੇ ਕੁਰਸੀਆਂ ਉਪਲਬਧ ਕਰਵਾਈਆਂ ਜਾਣ।
ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋਕਾਂ ਨੂੰ ਹਰੇਕ ਤਰ੍ਹਾਂ ਦੀਆਂ ਨਾਗਰਿਕ ਸੁਵਿਧਾਵਾਂ ਦੇਣ ਲਈ ਇਹ ਸੇਵਾ ਅਤੇ ਸੁਵਿਧਾ ਕੇਂਦਰ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਕੰਮ ਕਰਨ ਵਾਲਿਆਂ ‘ਤੇ ਨਿਗਰਾਨੀ ਰੱਖਣ ਲਈ ਬਾਕਾਇਦਾ ਅਜਿਹੀਆਂ ਅਚਨਚੇਤ ਜਾਂਚਾਂ ਕੀਤੀਆਂ ਜਾਣਗੀਆਂ। ਸ੍ਰੀ ਤਲਵਾੜ ਨੇ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਸਟਾਫ਼ ਨੂੰ ਇਹ ਵੀ ਕਿਹਾ ਕਿ ਉਹ ਲੋਕਾਂ ਨਾਲ ਨਿਮਰਤਾ ਅਤੇ ਸਲੀਕੇ ਨਾਲ ਪੇਸ਼ ਆਉਣ ਕਿਉਂਕਿ ਉਹ ਇੱਥੇ ਉਨ੍ਹਾਂ ਦੀ ਸੇਵਾ ਕਰਨ ਲਈ ਆਏ ਸਨ।
Spread the love