ਹੈਰੀਟੇਜ ਸਟਰੀਟ ਤੋਂ ਨਜਾਇਜ ਕਬਜੇ ਹਟਾਏ ਜਾਣਗੇ
ਵਿਸ਼ਵ ਵਿਰਾਸਤ ਦਿਨ ਮੌਕੇ ਪਾਰਟੀਸ਼ਨ ਮਿਊਜੀਅਮ ਦਾ ਕੀਤਾ ਦੌਰਾ
ਅੰਮ੍ਰਿਤਸਰ, 18 ਅਪ੍ਰੈਲ 2022
ਪੰਜਾਬ ਸਰਕਾਰ ਸੈਰ ਸਪਾਟਾ ਸਨਅਤ ਨੂੰ ਵਿਕਸਤ ਕਰਨ ਲਈ ਹੋਰ ਉਪਰਾਲੇ ਕਰੇਗੀ ਤਾਂ ਜੋ ਵੱਡੀ ਗਿਣਤੀ ਵਿੱਚ ਸੈਲਾਨੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਸੈਰ ਸਪਾਟੇ ਲਈ ਆ ਸਕਣ। ਇਹ ਪ੍ਰਗਟਾਵਾ ਅੱਜ ਵਿਸ਼ਵ ਵਿਰਾਸਤੀ ਦਿਵਸ ਮੌਕੇ ਪੰਜਾਬ ਦੇ ਜੇਲ, ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਵੱਲੋਂ ਪਾਰਟੀਸ਼ਨ ਮਿਊਜੀਅਮ ਵਿਖੇ ਪੰਜਾਬ ਹੈਰੀਟੇਜ ਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਵੱਲੋਂ ਕਰਵਾਏ ਗਏ ਪੇਟਿੰਗ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਇਨਾਮ ਤਕਸੀਮ ਕਰਨ ਸਮੇਂ ਕੀਤਾ। ਇਸ ਮੌਕੇ ਸ੍ਰ ਬੈਂਸ ਵੱਲੋਂ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਬਠਿੰਡਾ ਫੋਰਟ ਕਿਲਾ ਮੁਬਾਰਕ ਤੇ ਬਣਾਈ ਗਈ ਡਾਕੂਮੈਂਟਰੀ ਫਿਲਮ ਨੂੰ ਰਲੀਜ ਵੀ ਕੀਤਾ। ਉਨ੍ਹਾਂ ਕਿਹਾ ਕਿ ਐਡਵੋਕੇਟ ਸੰਧੂ ਵੱਲੋਂ ਆਮ ਲੋਕਾਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਣ ਲਈ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਪ੍ਰਸੰਸਾ ਯੋਗ ਹੈ ਅਤੇ ਇਸ ਨਾਲ ਲੋਕਾਂ ਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ ਦਾ ਪਤਾ ਵੀ ਚਲ ਸਕੇਗਾ।
ਹੋਰ ਪੜ੍ਹੋ :-ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਜਲੰਧਰ ਦਾ ਐਮ.ਐਸ.ਸੀ. (ਆਈ.ਟੀ.) ਦੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ
ਸ੍ਰ ਬੈਂਸ ਨੇ ਕਿਹਾ ਕਿ ਅੰਮ੍ਰਿਤਸਰ ਪੰਜਾਬ ਦਾ ਉਹ ਸਥਾਨ ਹੈ ਜਿਥੇ ਸਭ ਤੋਂ ਵੱਧ ਯਾਤਰੀ ਦੇਸ਼ ਵਿਦੇਸ਼ ਤੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਸ਼ਹਿਰ ਵਿੱਚ ਬਿਹਤਰ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਵਿਕਸਤ ਕੀਤੀਆਂ ਜਾਣ ਜੋ ਕਿ ਯਾਤਰੀਆਂ ਨੂੰ ਆਪਣੇ ਵੱਲ ਖਿੱਚਣ। ਉਨ੍ਹਾਂ ਕਿਹਾ ਕਿ ਮੈਂ ਅੱਜ ਜਲਿਆਂਵਾਲਾ ਬਾਗ ਦੇ ਦੌਰੇ ਦੌਰਾਨ ਕੁਝ ਖਾਮੀਆਂ ਵੇਖੀਆਂ ਹਨ ਜੋ ਪ੍ਰਬੰਧਕਾਂ ਦੀ ਨਜਰ ਵਿੱਚ ਲਿਆ ਕੇ ਇਨ੍ਹਾਂ ਨੂੰ ਦੂਰ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਵਿੱਚ ਸਫਾਈ ਦੀ ਕਮੀ ਹੈ, ਕਈ ਥਾਂਵਾਂ ’ਤੇ ਜੰਗਲੀ ਘਾਹ ਅਤੇ ਹੋਰ ਬੂਟੀ ਉਗੀ ਹੈ ਜੋ ਕਿ ਪਹਿਲੀ ਨਜਰ ਸੈਲਾਨੀਆਂ ਦੀਆਂ ਅੱਖਾਂ ਵਿੱਚ ਰੜਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਰਾਸਤੀ ਮਾਰਗ ਉਤੇ ਸਾਫ ਸਫਾਈ ਦੀ ਕਮੀ ਹੈ ਅਤੇ ਕਈ ਲੋਕਾਂ ਨੂੰ ਨਜਾਇਜ ਕਬਜੇ ਕਰਕੇ ਸੈਲਾਨੀਆਂ ਦਾ ਰਾਹ ਰੋਕਿਆ ਹੈ ਜਿੰਨਾਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਸਨਅਤ ਰਾਜ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਵੇਗੀ। ਸ੍ਰ ਬੈਂਸ ਨੇ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਜਿਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਦੇਸ਼ ਦੀ ਆਜ਼ਾਦੀ ਮੌਕੇ ਵਾਪਰੇ ਦੁਖਾਂਤ ਅਤੇ ਇਤਿਹਾਸ ਨੂੰ ਸਾਂਭੀ ਬੈਠੇ ਪਾਰਟੀਸ਼ਨ ਮਿਊਜੀਅਮ ਨੂੰ ਗਹੁ ਨਾਲ ਵੇਖਿਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਵਿਰਾਸਤ ਨੂੰ ਯਾਦ ਰੱਖਣ ਲਈ ਅਜਿਹੇ ਮਿਊਜੀਅਮ ਅਤੇ ਯਾਦਗਾਰਾਂ ਜਰੂਰ ਵੇਖਣ।
ਇਸ ਮੌਕੇ ਵਿਧਾਇਕ ਹਲਕਾ ਪੱਛਮੀ ਡਾ: ਜਸਬੀਰ ਸਿੰਘ, ਸਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਪ੍ਰਾਜੈਕਟ ਮੈਨੇਜਰ ਸ੍ਰੀ ਏ:ਆਰ ਮਿਸ਼ਰਾ, ਸ੍ਰੀ ਗੁਰਭੇਜ ਸਿੰਘ ਮੀਡੀਆ ਸਲਾਹਕਾਰ, ਸ੍ਰ ਹਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਪਾਰਟੀਸ਼ਨ ਮਿਊਜੀਅਮ ਦਾ ਦੌਰਾ ਕਰਦੇ ਹੋਏ।
ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਪੇਟਿੰਗ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਦਿੰਦੇ ਹੋਏ।
ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਬਠਿੰਡਾ ਫੋਰਟ ਕਿਲਾ ਮੁਬਾਰਕ ਤੇ ਡਾਕੂਮੈਂਟਰੀ ਰਲੀਜ ਕਰਦੇ ਹੋਏ।