ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਤੋਂ ਹੋਈ 50 ਕਰੋੜ ਦੀ ਆਮਦਨ
ਲੋਕਾਂ ਦੀਆਂ ਸਿ਼ਕਾਇਤਾਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਹੁਕਮ
ਫਾਜਿ਼ਲਕਾ, 20 ਅਪ੍ਰੈਲ 2022
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਆਈਏਐਸ ਨੇ ਆਖਿਆ ਹੈ ਕਿ ਦਫ਼ਤਰਾਂ ਵਿਚ ਲੋਕਾਂ ਵੱਲੋਂ ਸੇਵਾ ਕੇਂਦਰ ਰਾਹੀਂ ਜਾਂ ਹੋਰ ਤਰੀਕਿਆਂ ਨਾਲ ਸਰਕਾਰੀ ਸੇਵਾਵਾਂ ਲੈਣ ਲਈ ਦਿੱਤੀਆਂ ਅਰਜੀਆਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ ਅਤੇ ਬਕਾਇਆ ਫਾਇਲਾਂ ਦੀ ਗਿਣਤੀ ਜੀਰੋ ਦੇ ਪੱਧਰ ਤੱਕ ਘੱਟ ਕੀਤੀ ਜਾਵੇ। ਉਹ ਮਾਲ ਅਫ਼ਸਰਾਂ ਨਾਲ ਮਹੀਨਾਵਾਰ ਸਮੀਖਿਆ ਬੈਠਕ ਕਰ ਰਹੇ ਸਨ।
ਹੋਰ ਪੜ੍ਹੋ :-ਕਿਸਾਨਾਂ ਦੀ ਆਮਦਨ ਵਾਧੇ ਲਈ ਬਣਾਏ ਜਾਣਗੇ ਐਫਪੀਓ-ਡਾ: ਹਿਮਾਂਸੂ ਅਗਰਵਾਲ
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕਾਂ ਦੀਆਂ ਸਿ਼ਕਾਇਤਾਂ ਦਾ ਵੀ ਸਮਾਂਬੱਧ ਨਿਪਟਾਰਾ ਕਰਨ ਦੀ ਹਦਾਇਤ ਅਧਿਕਾਰੀਆਂ ਨੂੰ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਲੰਘੇ ਵਿੱਤੀ ਸਾਲ ਦੌਰਾਨ 40.50 ਕਰੋੜ ਦੇ ਟੀਚੇ ਮੁਕਾਬਲੇ 50.06 ਕਰੋੜ ਦੀ ਸਟੈਂਪ ਡਿਊਟੀ ਅਤੇ ਰਜਿਸਟੇ੍ਰਸ਼ਨ ਫੀਸ ਤੋਂ ਮਾਲੀਆ ਆਇਆ ਹੈ।
ਬੈਠਕ ਦੌਰਾਨ ਉਨ੍ਹਾਂ ਨੇ ਸਰਕਲ ਮਾਲ ਅਫ਼ਸਰਾਂ ਨੂੰ ਕਿਹਾ ਕਿ ਵੱਖ ਵੱਖ ਪ੍ਰਕਾਰ ਦੀਆਂ ਬਕਾਇਆ ਵਸੂਲੀਆਂ ਪਹਿਲ ਤੇ ਅਧਾਰ ਤੇ ਕੀਤੀਆਂ ਜਾਣ।ਡਿਪਟੀ ਕਮਿਸ਼ਨਰ ਨੇ ਬਕਾਇਆ ਪਈਆਂ ਨਿਸ਼ਾਨਦੇਹੀਆਂ ਦੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਕ ਮਹੀਨੇ ਅੰਦਰ ਇਸ ਸਬੰਧੀ ਸਾਰੀਆਂ ਬਕਾਇਆ ਅਰਜੀਆਂ ਦਾ ਨਿਪਟਾਰਾ ਕੀਤਾ ਜਾਵੇ। ਇਸੇ ਤਰਾਂ ਉਨ੍ਹਾਂ ਨੇ ਜਮਾਂਬੰਦੀਆਂ ਦਾ ਕੰਮ ਵੀ 30 ਅਪ੍ਰੈਲ ਤੋਂ ਪਹਿਲਾਂ ਪੂਰਾ ਕਰਨ ਲਈ ਕਿਹਾ। ਉਨ੍ਹਾਂ ਨੇ ਬਕਾਇਆ ਇੰਤਕਾਲ ਵੀ ਸਮਾਂਹੱਦ ਅੰਦਰ ਪੂਰੇ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ 45 ਦਿਨ ਦੇ ਅੰਦਰ ਅੰਦਰ ਇੰਤਕਾਲ ਦਾ ਫੈਸਲਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇੇ।ਉਨ੍ਹਾਂ ਨੇ ਉਪਮੰਡਲ ਮੈਜਿਸਟੇ੍ਰਟਾਂ ਅਤੇ ਤਹਿਸੀਲਦਾਰਾਂ ਨੂੰ ਆਪਣੇ ਪੱਧਰ ਤੇ ਮਾਲ ਵਿਭਾਗ ਦੇ ਹਰੇਕ ਕੰਮ ਦੀ ਸਮੀਖਿਆ ਕਰਨੀ ਦੀਆਂ ਹਦਾਇਤਾਂ ਵੀ ਦਿੱਤੀਆਂ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਵਿਚ ਜਾ ਕੇ ਕੈਂਪ ਲਗਾ ਕੇ ਲੋਕਾਂ ਦੇ ਮਸਲੇ ਹੱਲ ਕਰਨ ਦੀਆਂ ਹਦਾਇਤਾਂ ਵੀ ਵਿਭਾਗੀ ਅਧਿਕਾਰੀਆਂ ਨੂੰ ਦਿੱਤੀਆਂ।ਇਸੇ ਤਰਾਂ ਉਨ੍ਹਾਂ ਨੇ ਵੈਕਸੀਨੇਸ਼ਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵੀ ਕਿਹਾ।
ਬੈਠਕ ਵਿਚ ਐਸਡੀਐਮ ਸ੍ਰੀ ਅਮਿਤ ਗੁਪਤਾ ਅਤੇ ਸ੍ਰੀ ਦੇਵ ਦਰਸ਼ਦੀਪ ਸਿੰਘ, ਡੀਐਸਪੀ ਗੁਰਦੀਪ ਸਿੰਘ, ਜਿ਼ਲ੍ਹਾ ਮਾਲ ਅਫ਼ਸਰ ਸਿ਼ਸਪਾਲ ਸਿੰਗਲਾ, ਨਾਇਬ ਤਹਿਸੀਲਦਾਰ ਸ੍ਰੀ ਆਰ ਕੇ ਅਗਰਵਾਲ, ਸ੍ਰੀ ਅਵਿਨਾਸ਼ ਚੰਦਰ, ਸ੍ਰੀ ਬਲਦੇਵ ਸਿੰਘ, ਸ੍ਰੀ ਹਰਿੰਦਰਪਾਲ ਸਿੰਘ ਬੇਦੀ, ਐਸਸੀ ਕਾਰਪੋਰੇਸ਼ਨ ਤੋਂ ਤਲਵਿੰਦਰ ਸਿੰਘ ਵੀ ਹਾਜਰ ਸਨ।