30 ਤੱਕ ਜ਼ਿਲੇ ’ਚ ਰਹੇਗੀ ਵੈਨ
ਟੀ ਬੀ ਦੇ ਲੱਛਣ ਮਹਿਸੂਸ ਹੋਣ ’ਤੇ ਤੁਰੰਤ ਸਿਵਲ ਹਸਪਤਾਲ ’ਚ ਸੰਪਰਕ ਕੀਤਾ ਜਾਵੇ: ਡਾ. ਪ੍ਰਵੇਸ਼
ਬਰਨਾਲਾ, 28 ਅਪ੍ਰੈਲ 2022
ਸਿਹਤ ਵਿਭਾਗ ਵੱਲੋਂ ਟੀ ਬੀ (ਤਪਦਿਕ) ਦੇ ਸ਼ੱਕੀ ਮਰੀਜ਼ਾਂ ਦੀ ਜਲਦੀ ਪਛਾਣ ਲਈ ਵੈਨ ਚਲਾਈ ਗਈ ਹੈ, ਜੋ 30 ਅਪ੍ਰੈਲ ਤੱਕ ਜ਼ਿਲੇ ਵਿਚ ਰਹੇਗੀ।
ਹੋਰ ਪੜ੍ਹੋ :-ਕਰੋਨਾ ਵਿਰੁੱਧ ਟੀਕਾਕਰਨ ਅਤੇ ਸੈਂਪਲਿੰਗ ’ਚ ਤੇਜ਼ੀ ਲਿਆਂਦੀ ਜਾਵੇ: ਹਰੀਸ਼ ਨਇਰ
ਇਸ ਸਬੰਧੀ ਕਾਰਜਕਾਰੀ ਸਿਵਲ ਸਰਜਨ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਇਹ ਵੈਨ ਜ਼ਿਲਾ ਬਰਨਾਲਾ ਦੇ ਪਿੰਡਾਂ-ਸ਼ਹਿਰਾਂ ਦੇ ਗਲੀ-ਮੁਹੱਲਿਆਂ ’ਚ ਜਾ ਕੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰ ਰਹੀ ਹੈ।
ਡਾ. ਮੋਨਿਕਾ ਬਾਂਸਲ ਜ਼ਿਲਾ ਟੀ ਬੀ ਨੋਡਲ ਅਫਸਰ ਨੇ ਦੱਸਿਆ ਕਿ ਟੀ.ਬੀ. ਦਾ ਇਲਾਜ ਸੰਭਵ ਹੈ, ਜਿਸ ਲਈ ਸਮੇਂ ਸਿਰ ਰੋਗੀ ਦੀ ਪਹਿਚਾਣ ਹੋਣੀ ਜ਼ਰੂਰੀ ਹੈ। ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤਿਆਂ ਜਾਂ ਉਸ ਤੋਂ ਵੱਧ ਲਗਾਤਾਰ ਖਾਂਸੀ, ਭਾਰ ਘੱਟਦਾ ਹੋਵੇ, ਬੁਖਾਰ ਜਾਂ ਭੁੱਖ ਘੱਟ ਲੱਗਦੀ ਹੋਵੇ ਤਾਂ ਉਸ ਨੂੰ ਟੀ.ਬੀ. ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਮੁਫਤ ਡਾਕਟਰੀ ਸਲਾਹ ਅਤੇ ਆਪਣੀ ਮੁਫਤ ਬਲਗਮ ਦੀ ਜਾਂਚ, ਛਾਤੀ ਦੇ ਐਕਸ-ਰੇਅ ਅਤੇ ਸੀਬੀ ਨਾਟ ਟੈਸਟ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਜ਼ਿਲਾ ਬੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਰਕਾਰ ਦੀ ਤਰਫੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਹੀਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਅਤੇ ਟੀ.ਬੀ. ਦੇ ਮਰੀਜ਼ ਨੂੰ ਇਲਾਜ ਦੌਰਾਨ 500 ਰੁਪਏ ਪ੍ਰਤੀ ਮਹੀਨਾ ਖੁਰਾਕ ਲਈ ਵੀ ਦਿੱਤਾ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਡਾਟ ਸੈਂਟਰ ਹਰ ਪਿੰਡ ਅਤੇ ਸ਼ਹਿਰ ਵਿੱਚ ਖੋਲੇ ਗਏ ਹਨ ਜਿੱਥੇ ਟੀ.ਬੀ. ਦੀ ਮੁਫਤ ਦਵਾਈ ਖਵਾਈ ਜਾਂਦੀ ਹੈ। ਟੀ.ਬੀ. ਦੇ ਮਰੀਜ਼ਾਂ ਨੂੰ ਮੌਕੇ ’ਤੇ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ।