ਬਾਸਕਿਟਬਾਲ ‘ਚ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟ ਚੁੱਕਿਆ ਹੈ ਅਰਵਿੰਦਰ
ਧਨੌਲਾ/ਬਰਨਾਲਾ, 30 ਅਪ੍ਰੈਲ 2022
ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਬੰਗਲੌਰ ‘ਚ ਬਾਸਕਿਟਬਾਲ ‘ਚ ਸੋਨ ਤਗ਼ਮਾ ਜਿੱਤ ਕੇ ਪਰਤੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਖਿਡਾਰੀ ਅਰਵਿੰਦਰ ਦਾ ਧਨੌਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ ਵੱਖ ਕਲੱਬਾਂ ਤੇ ਸੰਸਥਾਵਾਂ ਵੱਲੋਂ ਸਨਮਾਨ ਅਤੇ ਸੁਆਗਤ ਕੀਤਾ ਗਿਆ।
ਹੋਰ ਪੜ੍ਹੋ :-ਜ਼ਿਲ੍ਹੇ ਦੀਆ ਮੰਡੀਆਂ ਚ ਹੁਣ ਤੱਕ ਆਈ 89 ਹਜ਼ਾਰ 585 ਮੀਟਰਕ ਟਨ ਕਣਕ, 100 ਫ਼ੀਸਦੀ ਕਣਕ ਦੀ ਹੋਈ ਖਰੀਦ :ਅਮਿਤ ਤਲਵਾੜ
ਖਿਡਾਰੀ ਅਰਵਿੰਦ ਸਿੰਘ (20 ਸਾਲ) ਪੁੱਤਰ ਮਨੋਹਰ ਸਿੰਘ ਨੇ ਹਾਲ ਹੀ ਵਿਚ ਬੰਗਲੌਰ ਵਿੱਚ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਬਾਸਕਿਟਬਾਲ ‘ਚ ਸੋਨ ਤਗਮਾ ਹਾਸਿਲ ਕੀਤਾ ਹੈ। ਅਰਵਿੰਦਰ ਸਿੰਘ ਧਨੌਲਾ ਦਾ ਜੰਮਪਲ ਹੈ, ਜਦੋਂ ਕਿ ਹੁਣ ਪਰਿਵਾਰ ਸਮੇਤ ਬਰਨਾਲਾ ਵਿਖੇ ਰਹਿ ਰਿਹਾ ਹੈ।
ਅਰਵਿੰਦਰ ਸਿੰਘ ਦੀਆਂ ਪ੍ਰਾਪਤੀਆਂ ‘ਚ ਜਾਪਾਨ ਵਿਖੇ ਬੀਡਬਲਿਊਬੀ ਕੈਂਪ, ਅਮਰੀਕਾ ਵਿਖੇ ਨੈਸ਼ਨਲ ਬਾਸਕਿਟਬਾਲ ਅਕੈਡਮੀ ਖੇਡਾਂ, ਹੰਗਰੀ ਵਿਖੇ ਬਾਸਕਟਬਾਲ ਲੀਗ (ਈਵਾਈਬੀਐਲ) ਸ਼ਾਮਲ ਹੈ।ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਰਵਿੰਦਰ ਨੇ ਖੇਲੋ ਇੰਡੀਆ ਸਕੂਲ ਖੇਡਾਂ 2018 ਵਿੱਚ ਦਿੱਲੀ ਵਿਖੇ ਸੋਨ ਤਗਮਾ ਹਾਸਲ ਕੀਤਾ। 2018 ਵਿੱਚ ਦਿੱਲੀ ਵਿਖੇ ਸਕੂਲ ਨੈਸ਼ਨਲ ਗੇਮਜ਼ ਵਿੱਚ ਤੀਜਾ ਸਥਾਨ ਹਾਸਿਲ ਕੀਤਾ।
2019 ਵਿੱਚ ਪਟਨਾ ਵਿਖੇ ਜੂਨੀਅਰ ਨੈਸ਼ਨਲ ਗੋਲਡ ਤੇ 2019 ਵਿੱਚ ਪੁਣੇ ਵਿਖੇ ਅੰਡਰ/17 ਲੜਕਿਆਂ ਦੇ ਖੇਲੋ ਇੰਡੀਆ ਯੁਵਾ ਖੇਡਾਂ ਵਿੱਚ ਸੋਨ ਤਗਮਾ ਹਾਸਲ ਕੀਤਾ। 2020 ਵਿੱਚ ਗੁਹਾਟੀ ਵਿਖੇ ਹੋਈਆਂ ਅੰਡਰ 21 ਖੇਲੋ ਇੰਡੀਆ ਯੂਥ ਖੇਡਾਂ ਵਿੱਚ ਸੋਨ ਤਗਮਾ, ਚੇਨਈ 2022 ‘ਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੇਨਈ 2022 ‘ਚ ਤੀਜਾ ਸਥਾਨ ਹਾਸਿਲ ਕੀਤਾ। ਪਿਛਲੇ ਦਿਨੀਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਖਿਡਾਰੀ ਨੇ ਸੋਨ ਤਗਮਾ ਜਿੱਤਿਆ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ, ਸਿੱਖਿਆ ਵਿਭਾਗ ਤੇ ਖੇਡ ਕਲੱਬਾਂ ਵੱਲੋਂ ਅਰਵਿੰਦਰ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਰਵਿੰਦਰਜੀਤ ਸਿੰਘ, ਖੇਡ ਵਿਭਾਗ ਤੋਂ ਕੋਚ ਜਸਪ੍ਰੀਤ ਸਿੰਘ ਅਤੇ ਗੁਰਵਿੰਦਰ ਕੌਰ, ਸਿੱਖਿਆ ਵਿਭਾਗ ਤੋਂ ਸਿਮਰਦੀਪ ਸਿੰਘ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧਨੌਲਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।