ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਜਲਦ ਵੱਡੇ ਪੱਧਰ ‘ਤੇ ਮੈਡੀਕਲ ਅਫਸਰਾਂ ਅਤੇ ਹੋਰ ਸਟਾਫ ਦੀ ਭਰਤੀ ਨੂੰ ਨੇਪੜੇ ਚਾੜੇਗੀ
ਸਿੰਘਪੁਰਾ ਹਸਪਤਾਲ ਵਿਖੇ ਨਵੀਂ ਐਕਸਰੇ ਮਸ਼ੀਨ ਵੀ ਸਥਾਪਿਤ ਕੀਤੀ ਜਾਵੇਗੀ
ਰੂਪਨਗਰ, 6 ਮਈ 2022
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸਿਵਲ ਹਸਪਤਾਲ ਵਿਖੇ ਪਰਚੀਆਂ ਲਈ ਮਰੀਜ਼ਾਂ ਦੀਆਂ ਲੱਗਦੀਆਂ ਲੰਮੀਆਂ ਲਾਈਨਾਂ ਨੂੰ ਹੱਲ ਕਰਨ ਲਈ ਅਤੇ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਕਰਨ ਲਈ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨਾਲ ਮੀਟਿੰਗ ਕੀਤੀ।
ਮੀਟਿੰਗ ਦੀ ਅਗਵਾਈ ਕਰਦਿਆਂ ਸ਼੍ਰੀ ਚੱਢਾ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਪਰਚੀ ਕਟਵਾਉਂਦੇ ਸਮੇਂ ਕਾਫੀ ਸਮਾਂ ਲੱਗ ਜਾਂਦਾ ਹੈ ਜਿਸ ਲਈ ਇਸ ਸ਼ਾਖਾ ਵਿੱਚ ਹੋਰ ਮੁਲਾਜ਼ਮਾਂ ਦੀ ਜਲਦ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਸਥਾਪਿਤ ਨਸ਼ਾ ਛੁਡਾਉ ਕੇਂਦਰ ਨੂੰ ਜਲਦ ਕਿਸੇ ਹੋਰ ਥਾਂ ‘ਤੇ ਤਬਦੀਲ ਕੀਤਾ ਜਾਵੇਗਾ ਤਾਂ ਜੋ ਨਸ਼ਾ ਪੀੜਤ ਮਰੀਜ਼ਾਂ ਨੁੰ ਸੁਖਾਂਵੇ ਵਾਤਾਵਰਨ ਵਿੱਚ ਇਲਾਜ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ।
ਐਡਵੋਕੇਟ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ਵਿੱਚ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਜਲਦ ਵੱਡੇ ਪੱਧਰ ‘ਤੇ ਮੈਡੀਕਲ ਅਫਸਰਾਂ ਅਤੇ ਹੋਰ ਸਟਾਫ ਦੀ ਭਰਤੀ ਨੂੰ ਨੇਪੜੇ ਚਾੜੇਗੀ। ਉਨ੍ਹਾਂ ਕਿਹਾ ਕਿ ਇਹ ਜੱਗ ਜਾਹਿਰ ਹੈ ਕਿ ਪਿਛਲੀਆਂ ਸਰਕਾਰਾਂ ਵਲੋਂ ਸੱਭ ਤੋਂ ਅਹਿਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਨਜਰਅੰਦਾਜ਼ ਕੀਤਾ ਗਿਆ ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਐਡਵੋਕੇਟ ਚੱਢਾ ਨੇ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੂੰ ਕਿਹਾ ਕਿ ਸਿਵਲ ਹਸਪਤਾਲ ਦੇ ਨਾਲ-ਨਾਲ ਦਿਹਾਤੀ ਇਲਾਕਿਆਂ ਵਿੱਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਅਤਿ ਜਰੂਰੀ ਹੈ ਜਿਸ ਤਹਿਤ ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਤਰਕ-ਸੰਗਤ ਦੇ ਆਧਾਰ ‘ਤੇ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕਮਿਉਨਿਟੀ ਹੈਲਥ ਸੈਂਟਰ ਸਿੰਘਪੁਰਾ ਵਿਖੇ ਇਲਾਕਾ ਵਾਸੀਆਂ ਨੂੰ ਆਧੁਨਿਕ ਲੈਬ ਦੀ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਪੰਜਾਬ ਸਿਹਤ ਪ੍ਰਣਾਲੀ ਨਿਗਮ ਨੂੰ ਲਿਖਿਆ ਗਿਆ ਹੈ ਜਿਸ ਨੂੰ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਤੋਂ ਇਲਾਵਾ ਸਿੰਘਪੁਰਾ ਹਸਪਤਾਲ ਵਿਖੇ ਨਵੀਂ ਐਕਸਰੇ ਮਸ਼ੀਨ ਵੀ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਮਰੀਜ਼ਾਂ ਨੂੰ ਤੁਰੰਤ ਸੁਵਿਧਾ ਮਿਲ ਸਕੇ।