ਪੰਛੀਆਂ ਲਈ ਦਾਣਾ-ਪਾਣੀ ਦਾ ਇੰਤਜ਼ਾਮ ਕਰਨ ਮਨੁੱਖਾਂ ਦੀ ਜ਼ਿੰਮੇਵਾਰੀ: ਧਰਮਵੀਰ ਧੇੜੂ
ਰੂਪਨਗਰ, 8 ਮਈ 2022
ਲਗਾਤਾਰ ਵੱਧ ਰਹੀ ਗਲੋਬਲ ਵਾਰਮਿੰਗ ਦੇ ਮਦੱਦੇਨਜ਼ਰ, ਵਿਸ਼ਵ ਰੈੱਡ ਕਰਾਸ ਦੇ ਮੌਕੇ ’ਤੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਸਤੱਲੁਜ ਦਰਿਆ ਦੇ ਕੰਢੇ ਉੱਤੇ ਆਯੋਜਿਤ ਸਮਾਗਮ ਦੌਰਾਨ ‘ਮਿਸ਼ਨ ਉਡਾਰੀ’ ਦੀ ਸ਼ੁਰਆਤ ਕੀਤੀ। ਇਸ ਮੌਕੇ ਉੱਤੇ ਵਿਦਿਆਰਥੀਆਂ ਨੂੰ ਵੱਧ ਰਹੀ ਗਰਮੀ ਨਾਲ ਪ੍ਰਭਾਵਿਤ ਹੋ ਰਹੇ ਜੀਵ-ਜੰਤੂਆਂ ਨੂੰ ਬਚਾਉਣ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਸਕੂਲ ਲੜਕੀਆਂ, ਡੀ.ਏ.ਵੀ. ਪਬਲਿਕ ਸਕੂਲ਼ ਤੇ ਸ਼ਿਵਾਲਿਕ ਸਕੂਲ ਦੇ ਬੱਚਿਆਂ ਵਿਚਕਾਰ ਚਿੱਤਰਕਾਰੀ ਮੁਕਾਬਲੇ ਵੀ ਕਰਵਾਏ ਗਏ।
ਡਿਪਟੀ ਕਮਸ਼ਿਨਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵੱਧ ਰਹੀ ਗਰਮੀ ਨਾਲ ਮਨੁੱਖਾਂ ਦੇ ਨਾਲ ਪੰਛੀ ਅਤੇ ਜੰਗਲੀ ਜੀਵ ਵੀ ਪ੍ਰਭਾਵਿਤ ਹੋ ਰਹੇ ਹਨ ਜਿਸ ਲਈ ਜਰੂਰੀ ਹੈ ਕਿ ਪੰਛੀਆਂ ਦੀ ਸੁਰੱਖਿਆ ਲਈ ਅਸੀਂ ਸਾਰੇ ਮਿਲ ਕੇ ਯਤਨ ਕਰੀਏ। ਉਨ੍ਹਾਂ ਕਿਹਾ ਕਿ ਮਿਸ਼ਨ ਉਡਾਨ ਦਾ ਮੰਤਵ ਪੰਛੀਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਜਿਸ ਤਹਿਤ ਘਰਾਂ ਦੀ ਛੱਤਾਂ ਉੱਤੇ ਪਾਣੀ ਅਤੇ ਦਾਣਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਗਰਮੀ ਦੇ ਇਸ ਮੌਸਮ ਵਿਚ ਸ਼ਹਿਰਾਂ ਵਿਚ ਰਹਿ ਰਹੇ ਪੰਛੀਆਂ ਨੂੰ ਰਾਹਤ ਦੇ ਸਕੀਏ।
ਡਾਕਟਰ ਪ੍ਰੀਤੀ ਯਾਦਵ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਅਤੇ ਕਿਹਾ ਸਾਨੂੰ ਆਉਣ ਵਾਲੀਆਂ ਅਗਲੀਆਂ ਪੀੜੀਆਂ ਲਈ ਹੁਣ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਪ੍ਰਭਾਵਿਤ ਹੋਏ ਵਾਤਾਵਰਣ ਨੂੰ ਮੁੜ ਤੋਂ ਠੀਕ ਕੀਤਾ ਜਾ ਸਕੇ।ਉਨ੍ਹਾਂ ਬੱਚਿਆਂ ਦੀ ਚਿੱਤਰਕਾਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰਸ਼ੰਸਾ ਵੀ ਕੀਤੀ ਅਤੇ ਕਿਹਾ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿ ਤੁਸੀਂ ਇਸ ਅਹਿਮ ਵਿਸ਼ੇ ਉੱਤੇ ਆਪਣੇ ਖੂਬਸੂਰਤ ਵਿਚਾਰਾਂ ਨੂੰ ਰੰਗਾਂ ਦੁਆਰਾ ਪੇਸ਼ ਕੀਤਾ।
ਜ਼ਿਲ੍ਹਾ ਜੰਗਲਾਤ ਅਫਸਰ ਜੰਗਲੀ ਜੀਵ ਵਿਭਾਗ ਸ਼੍ਰੀ ਧਰਮਵੀਰ ਧੇੜੂ ਨੇ ਕਿਹਾ ਕਿ ਪ੍ਰਦੂਸ਼ਣ ਅਤੇ ਜੰਗਲਾਂ ਦੀ ਕਟਾਈ ਨਾਲ ਸਾਡੀ ਧਰਤੀ ਵਿਚ ਲਗਾਤਾਰ ਗਰਮੀ ਵੱਧ ਰਹੀ ਹੈ ਜਿਸ ਲਈ ਕੁਦਰਤੀ ਸੋਮਿਆਂ ਦੀ ਰੱਖਿਆ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ।ਪੰਛੀਆਂ, ਜੀਵ-ਜੰਤੂਆਂ ਅਤੇ ਜੰਗਲਾਂ ਦੇ ਵਿਕਾਸ ਅਤੇ ਬਚਾਅ ਲਈ ਸਮਾਜਿਕ ਜਥੇਬੰਦੀਆਂ ਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮਿਸ਼ਨ ਉਡਾਰੀ ਤਹਿਤ ਜੰਗਲੀ ਜੀਵ ਵਿਭਾਗ ਦੇ ਗਾਰਡ ਵਲੋਂ ਪਿੰਡਾਂ ਵਿੱਚ ਜਾ ਕੇ ਵਾਤਾਵਰਣ ਪ੍ਰੇਮਿਆਂ ਨੂੰ ਪੰਛੀਆਂ ਲਈ ਦਾਣੇ-ਪਾਣੀ ਦੇ ਪੁੱਖਤਾ ਪ੍ਰਬੰਧ ਕਰਨ ਲਈ ਅਪੀਲ ਕੀਤੀ ਜਾਵੇਗੀ ਤਾਂ ਜੋ ਪੰਛੀਆਂ ਦੀ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਉੱਤੇ ਪੇਟਿੰਗ ਮੁਕਾਬਲੇ ਵਿਚ ਸ਼ਿਵਾਲਿਕ ਸਕੂਲ ਦੇ ਪਹਿਲੇ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਸ਼ਿਲਪਾ, ਦੂਜੇ ਸਥਾਨ ਡੀ.ਏ.ਵੀ. ਸਕੂਲ ਦੀ ਪ੍ਰਿਆ ਠਾਕੁਰ ਅਤੇ ਸਰਕਾਰੀ ਸਕੂਲ਼ ਲੜਕੀਆਂ ਦੀ ਸਿਮਰਣ ਰਾਣੀ ਨੂੰ ਸਨਮਾਨਿਤ ਕੀਤਾ ਗਿਆ।
ਪੋਟ ਪੇਨਟਿੰਗ ਮੁਕਾਬਲੇ ਵਿਚ ਸ਼ਿਵਾਲਿਕ ਸਕੂਲ ਦੇ ਪਹਿਲੇ ਸਥਾਨ ਹਾਸਲ ਕਰਨ ਵਾਲੀ ਵਿਦਿਆਰਥੀ ਮਰੀਦੁਲ ਗੁਪਤਾ, ਦੂਜੇ ਸਥਾਨ ਸਰਕਾਰੀ ਸਕੂਲ ਲੜਕੀਆਂ ਦੀ ਰੁਕਸਾਨਾ ਅਤੇ ਸ਼ਿਵਾਲਿਕ ਸਕੂਲ ਦੇ ਰਿਸ਼ਮ ਪ੍ਰੀਤ ਦੀ ਨੂੰ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਹੀ ਬਰਡ ਹਾਊਸ ਪੇਨਟਿੰਗ ਮੁਕਾਬਲੇ ਵਿਚ ਸ਼ਿਵਾਲਿਕ ਸਕੂਲ ਦੇ ਪਹਿਲੇ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਕਸ਼ਿਸ਼ ਅਤੇ ਸੁਖਮਨ, ਦੂਜੇ ਸਥਾਨ ਡੀ ਏ ਵੀ ਸਕੂਲ ਦੇ ਪਾਰਸ ਅਤੇ ਤੀਜਾ ਸਥਾਨ ਹਾਸਲ ਕਰਨ ਅਰਪਿਤਾ ਨੇ ਹਾਸਲ ਕੀਤਾ। ਇਨ੍ਹਾਂ ਸਾਰਿਆਂ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਵਲੋਂ ਮੁਮੈਨਟੋ ਅਤੇ ਸਰਟੀਫਿਕੇਟ ਦੇ ਕੇ ਨਵਾਜ਼ਿਆ ਗਿਆ।
ਇਸ ਮੌਕੇ ਉੱਤੇ ਐਸ.ਡੀ.ਐਮ ਗੁਰਵਿੰਦਰ ਸਿੰਘ ਜੌਹਲ, ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਡੀ.ਆਰ.ਓ. ਗੁਰਜਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜਰ ਸਨ।